ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੰਜਾਬੀ ਨਾਟਕ ‘ਤੇ ਵਿਚਾਰ ਚਰਚਾ ਅਤੇ ਨਾਟਕ ਦਾ ਮੰਚਨ ਕਰਵਾਇਆ ਗਿਆ 

Sorry, this news is not available in your requested language. Please see here.

ਬਰਨਾਲਾ,27 ਅਕਤੂਬਰ:

ਸੂਬੇ ਦੇ ਭਾਸ਼ਾ ਵਿਭਾਗ ਵੱਲੋਂ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਬਾਰੇ ਵਿਦਵਾਨ ਸਾਹਿਤਕਾਰਾਂ ਦੀ ਵਿਚਾਰ ਚਰਚਾ ਅਤੇ ਪੇਸ਼ਕਾਰੀਆਂ ਕਰਵਾ ਕੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਆਮ ਲੋਕਾਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਇਹਨਾਂ ਉਪਰਾਲਿਆਂ ਤਹਿਤ ਹੀ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਪੰਜਾਬੀ ਨਾਟਕ ਸਮਾਗਮ ਕਰਵਾਇਆ ਗਿਆ।

ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਿਰ ਸਕੂਲ ਦੇ ਹਾਲ ‘ਚ ਪ੍ਰਿੰਸੀਪਲ ਐੱਸ.ਕੇ ਮਲਿਕ ਦੇ ਪ੍ਰਬੰਧਾਂ ਹੇਠ ਕਰਵਾਏ ਨਾਟਕ ਸਮਾਗਮ ਦੌਰਾਨ “ਵਿਸ਼ਵੀਕਰਨ ਦੇ ਦੌਰ ‘ਚ ਪੰਜਾਬੀ ਨਾਟਕ ਦੀ ਸਥਿਤੀ” ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਉਣ ਦੇ ਨਾਲ ਨਾਲ ਨਾਟਕ “ਬੇਬੀ ਸ਼ੋਨਾ” ਦਾ ਮੰਚਨ ਵੀ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨ ਨਾਲ ਹੋਈ।ਜ਼ਿਲ੍ਹਾ ਖੋਜ ਅਫ਼ਸਰ ਨੇ ਪਹੁੰਚਣ ਵਾਲੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੰਜਾਬੀ ਬੋਲੀ,ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲੇ ਵਿਸਥਾਰ ਵਿੱਚ ਹਾਜ਼ਰੀਨ ਨਾਲ ਸਾਂਝੇ ਕੀਤੇ।’ਵਿਸ਼ਵੀਕਰਨ ਦੇ ਦੌਰ ‘ਚ ਪੰਜਾਬੀ ਨਾਟਕ ਦੀ ਸਥਿਤੀ’ ਵਿਸ਼ੇ ‘ਤੇ ਵਿਚਾਰ ਚਰਚਾ ‘ਚ ਭਾਗ ਲੈਂਦਿਆਂ ਡਾ.ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਸੂਚਨਾ ਤਕਨੀਕ ਦੀ ਕ੍ਰਾਂਤੀ ਨੇ ਸਮੁੱਚੇ ਵਿਸ਼ਵ ਦਾ ਅਜਿਹਾ ਵਿਸ਼ਵੀਕਰਨ ਕੀਤਾ ਹੈ ਕਿ ਦੁਨੀਆਂ ਦੇ ਇੱਕ ਹਿੱਸੇ ‘ਚ ਵਾਪਰਦੀ ਘਟਨਾ ਸਮੁੱਚੇ ਵਿਸ਼ਵ ਨੂੰ ਪ੍ਰਭਾਵਿਤ ਕਰਦੀ ਹੈ।ਉਹਨਾਂ ਕਿਹਾ ਕਿ ਅਜਿਹੀਆਂ ਪ੍ਰਸਥਿਤੀਆਂ ‘ਚ ਪੰਜਾਬ ਨਾਟਕ ਦਾ ਭਵਿੱਖ ਬੜਾ ਰੌਸ਼ਨ ਹੈ।ਮਨਜੀਤ ਸਿੰਘ ਸਾਗਰ ਨੇ ਕਿਹਾ ਕਿ ਨਾਟਕ ਵਿੱਚ ਲੋਕਾਂ ਦੀ ਮਾਨਸਿਕਤਾ ਤਬਦੀਲ ਕਰਨ ਦੀ ਅਜਿਹਾ ਤਾਕਤ ਹੁੰਦੀ ਹੈ ਜੋ ਸਾਹਿਤ ਦੀ ਹੋਰ ਕਿਸੇ ਵੀ ਵਿਧਾ ਵਿੱਚ ਨਹੀਂ ਹੁੰਦੀ।ਉਹਨਾਂ ਕਿਹਾ ਕਿ ਵਿਸ਼ਵੀਕਰਨ ਦੇ ਦੌਰ ‘ਚ ਪੰਜਾਬੀ ਨਾਟਕ ਚੁਣੌਤੀਆਂ ਨੂੰ ਬਾਖੂਬੀ ਸਵੀਕਾਰਦਿਆਂ ਅੱਗੇ ਵਧ ਰਿਹਾ ਹੈ।ਸੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਨਾਟਕ ਦੀ ਪ੍ਰਫੁਲਤਾ ਲਈ ਹੋਰ ਸਰਕਾਰੀ ਉੱਦਮ ਸਮੇਂ ਦੀ ਮੁੱਖ ਜ਼ਰੂਰਤ ਹੈ।ਉਹਨਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ‘ਚ ਪੜ੍ਹਦੀ ਬਾਲ ਅਤੇ ਨੌਜਵਾਨ ਪੀੜ੍ਹੀ ਨੂੰ ਨਾਟਕ ਵੱਲ ਆਕਰਸ਼ਿਤ ਕਰਨ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਲਗਾਤਾਰ ਨਾਟਕਾਂ ਦਾ ਮੰਚਨ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਸਕੂਲਾਂ ਅਤੇ ਕਾਲਜਾਂ ‘ਚ ਨਾਟਕਾਂ ਦੇ ਮੰਚਨ ਕਰਵਾਉਣਾ ਸਲਾਘਾਯੋਗ ਉਪਰਾਲਾ ਹੈ।

ਉਪਰੰਤ ਲੇਖਕ ਅਤੇ ਨਿਰਦੇਸ਼ਕ ਦਿਲਪ੍ਰੀਤ ਸਿੰਘ ਚੌਹਾਨ ਦੇ ਨਾਟਕ ‘ਬੇਬੀ ਸ਼ੋਨਾ’ ਦਾ ਮੰਚਨ ਕੀਤਾ ਗਿਆ।ਅਜੋਕੇ ਸਮੇਂ ‘ਚ ਬਜ਼ੁਰਗਾਂ ਦੀ ਹੋ ਰਹੀ ਬੇਕਦਰੀ ਅਤੇ ਬਿਖਰ ਰਹੇ ਇਨਸਾਨੀ ਰਿਸ਼ਤਿਆਂ ਦੇ ਨਾਟਕ ਵੱਲੋਂ ਦਿੱਤੇ ਸੁਨੇਹੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।ਹਾਸ ਰਸ ਤਰੀਕੇ ਨਾਲ ਸ਼ੁਰੂ ਹੋਏ ਨਾਟਕ ਦਾ ਅੰਤ ਬਜ਼ੁਰਗਾਂ ਨੂੰ ਘਰਾਂ ‘ਚ ਮਾਣ ਸਤਿਕਾਰ ਦੇਣ ਦੇ ਭਾਵਪੂਰਤ ਸੁਨੇਹੇ ਨਾਲ ਹੋਇਆ।ਪ੍ਰਿੰਸੀਪਲ ਐੱਸ.ਕੇ ਮਲਿਕ ਵੱਲੋਂ ਪਹੁੰਚਣ ਵਾਲੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਜ਼ਿਲ੍ਹਾ ਭਾਸ਼ਾ ਦਫ਼ਤਰ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ।ਉਹਨਾਂ ਕਿਹਾ ਕਿ ਅੱਜ ਦਾ ਸਮਾਗਮ ਉਹਨਾਂ ਦੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਨਾ ਸ੍ਰੋਤ ਬਣਨ ਦੇ ਨਾਲ ਨਾਲ ਜ਼ਿੰਦਗੀ ਦੀ ਸਿੱਖਿਆ ਦੇਣ ਦਾ ਵੀ ਸਬੱਬ ਬਣੇਗਾ।ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪਹੁੰਚੀਆਂ ਸਖਸ਼ੀਅਤਾਂ ਨੂੰ ਟਰਾਫੀਆਂ ਅਤੇ ਸ਼ਬਦ ਗਾਇਨ ਕਰਨ ਵਾਲੇ ਵਿਦਿਆਰਥੀਆਂ ਅਤੇ ਨਾਟਕ ਦੇ ਅਦਾਕਾਰਾਂ ਨੂੰ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।ਮੰਚ ਦਾ ਸੰਚਾਲਨ ਮੈਡਮ ਸੁਨੀਤਾ ਮਿੱਤਲ ਵੱਲੋਂ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਅਧਿਆਪਕ ਮੈਡਮ ਕਿਰਨ ਬਾਲਾ,ਸਨੇਹ ਅਰੋੜਾ,ਮੀਨਾਕਸ਼ੀ ਮਿੱਤਲ,ਸਨੇਹ ਅਰੋੜਾ,ਏਕਤਾ ਬਾਂਸਲ,ਸਰਬਜੀਤ ਕੌਰ,ਸੁਸ਼ਮਾ ਸ਼ਰਮਾ ਅਤੇ ਨੇਹਾ ਸ਼ੋਰੀ ਸਮੇਤ ਜ਼ਿਲ੍ਹਾ ਭਾਸ਼ਾ ਦਫ਼ਤਰ ਦਾ ਸਟਾਫ ਹਾਜ਼ਰ ਰਿਹਾ।