ਜਿਮਨੀ ਚੋਣਾਂ ਦੀ ਜਿੱਤ ਨੇ ਸਾਡੇ ਵਿਕਾਸ ਕਾਰਜਾਂ ਤੇ ਲਾਈ ਮੋਹਰ – ਈਟੀਓ

Sorry, this news is not available in your requested language. Please see here.

2027 ਵਿੱਚ ਵੀ ਆਵਾਂਗੇ ਬਹੁਮਤ ਨਾਲ

ਅਗਲੇ ਸਾਲ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਵੀ ਜਿੱਤੇਗੀ ਆਮ ਆਦਮੀ ਪਾਰਟੀ

ਅੰਮ੍ਰਿਤਸਰ, 23 ਨਵੰਬਰ 2024

ਪੰਜਾਬ ਚ ਹੋਈਆਂ ਵਿਧਾਨ ਸਭਾ ਜਿਮਨੀ ਚੋਣਾਂ ਦੌਰਾਨ ਲੋਕਾਂ ਨੇ ਸਾਡੇ ਵਿਕਾਸ ਕਾਰਜਾਂ ਤੇ ਮੋਹਰ ਲਾਈ ਹੈ ਅਤੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੇ ਕੰਮਾਂ ਸਦਕਾ ਹੀ ਚਾਰ ਵਿਚੋਂ ਤਿੰਨ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈਟੀਓ ਨੇ ਕਰਦਿਆਂ ਕਿਹਾ ਕਿ ਵਿਰੋਧੀਆਂ ਵਲੋਂ ਕਈ ਤਰ੍ਹਾਂ ਦੇ ਪਾਖੰਡ ਕੀਤੇ ਜਾ ਰਹੇ ਸਨ, ਇਨਾਂ ਪਾਖੰਡਾਂ ਨੂੰ ਜਿਮਨੀ ਚੋਣਾਂ ਵਿੱਚ ਆਪ ਦੀ ਜਿੱਤ ਨੇ ਸਿਰੋਂ ਹੀ ਨਾਕਾਰ ਦਿੱਤਾ ਹੈ। ਉਨਾਂ ਕਿਹਾ ਕਿ ਇਹ ਜਿੱਤ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਨੀਂਹ ਪੱਥਰ ਹੈ। ਉਨਾਂ ਕਿਹਾ ਕਿ ਅਸੀਂ 2027 ਵਿੱਚ ਹੋਰ ਵੱਡੇ ਬਹੁਮਤ ਨਾਲ ਜਿਤਾਂਗੇ। ਸ: ਈਟੀਓ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਅਸੀਂ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹਾਂ। ਉਨਾਂ ਕਿਹਾ ਕਿ ਇਨਾਂ ਚੋਣਾਂ ਨੇ ਸਿੱਧ ਕਰ ਦਿੱਤਾ ਹੈ ਕਿ ਅਸੀਂ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਜੋ ਵੀ ਕੰਮ ਕੀਤੇ ਹਨ ਲੋਕਾਂ ਨੇ ਉਨਾਂ ਨੂੰ ਪਸੰਦ ਕੀਤਾ ਹੈ।

ਸ: ਈਟੀਓ ਨੇ ਕਿਹਾ ਕਿ 2025 ਦੌਰਾਨ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਜਰੀਵਾਲ ਦੀ ਅਗਵਾਈ ਵਿੱਚ ਫਿਰ ਜਿੱਤੇਗੀ ਅਤੇ ਆਪਣੀ ਸਰਕਾਰ ਬਣਾਏਗੀ। ਉਨਾਂ ਵਿਰੋਧੀਆਂ ਤੇ ਤੰਜ ਕਸਦਿਆਂ ਕਿਹਾ ਕਿ ਜੋ ਆਪਣੇ ਆਪ ਨੂੰ ਬਹੁਤ ਵੱਡੇ ਧੁਰੰਦਰ ਸਮਝਦੇ ਸਨ, ਜਿਮਨੀ ਚੋਣਾਂ ਨੇ ਉਨਾਂ ਨੂੰ ਦਿਖਾ ਦਿੱਤਾ ਹੈ ਕਿ ਆਮ ਲੋਕ ਵਿਕਾਸ ਪਸੰਦ ਕਰਦੇ ਹਨ। ਉਨਾਂ ਕਿਹਾ ਕਿ ਅਸੀਂ ਸਿਰਫ ਰਾਜਨੀਤਿ ਵਿੱਚ ਵਿਕਾਸ ਕਰਨ ਲਈ ਆਏ ਹਾਂ ਅਤੇ ਵਿਕਾਸ ਹੀ ਕਰਾਂਗੇ। ਉਨਾਂ ਕਿਹਾ ਕਿ ਸੂਬੇ ਦੇ ਲੋਕ ਇਸ ਗੱਲ ਤੋਂ ਭਲੀਭਾਂਤ ਜਾਣੂੰ ਹੋ ਗਏ ਹਨ ਕਿ ਸ: ਮਾਨ ਦੀ ਸਰਕਾਰ ਨਿਰਪੱਖ ਹੋ ਕੇ ਆਪਣਾ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਅਸੀਂ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਹੀ ਕਰੀਬ 50 ਹਜ਼ਾਰ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਹੈ। ਉਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਰੋਜ਼ਗਾਰ ਦੇਣ ਲਈ ਭਾਈ ਭਤੀਜਾਵਾਦ ਜਾਂ ਭ੍ਰਿਸ਼ਟਾਚਾਰ ਕਰਦੀਆਂ ਸਨ ਪਰ ਸਾਡੀ ਸਰਕਾਰ ਨੇ ਯੋਗਤਾ ਦੇ ਆਧਾਰ ਤੇ ਨੌਜਾਵਾਨਾਂ ਨੂੰ ਨੌਕਰੀ ਮੁਹੱਈਆ ਕਰਵਾਈ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਰੋਧੀਆਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਤਾਂ ਜੋ ਸੂਬੇ ਦਾ ਵਿਕਾਸ ਹੋਰ ਤੇਜੀ ਨਾਲ ਕੀਤਾ ਜਾ ਸਕੇ।