ਝੋਨੇ ਦੇ ਵੱਢ ਵਿੱਚ ਪਰਾਲੀ ਨੂੰ ਖੇਤ ਵਿੱਚੋਂ ਕੱਢੇ ਬਿਨਾਂ ਹੈਪੀ ਸੀਡਰ ਨਾਲ ਕੀਤੀ ਜਾ ਸਕਦੀ ਹੈ ਕਣਕ ਦੀ ਸਿੱਧੀ ਬਿਜਾਈ-ਮੁੱਖ ਖੇਤੀਬਾੜੀ ਅਫ਼ਸਰ

Sorry, this news is not available in your requested language. Please see here.

ਪਰਾਲੀ ਨੂੰ ਅੱਗ ਲਗਾਉਣ ਨਾਲ ਖੇਤ, ਮਨੱੁਖਤਾ ਅਤੇ ਪਸ਼ੂੂ ਪੰਛੀਆਂ ਦੀ ਸਿਹਤ ’ਤੇ ਪੈਂਦਾ ਹੈ ਬਹੁਤ ਬੁਰਾ ਅਸਰ
ਤਰਨ ਤਾਰਨ, 12 ਅਕਤੂਬਰ : 
ਪਰਾਲੀ ਨੂੰ ਅੱਗ ਲਗਾਉਣ ਨਾਲ ਖੇਤ, ਮਨੱੁਖਤਾ ਅਤੇ ਪਸ਼ੂ ਪੰਛੀਆਂ ਦੀ ਸਿਹਤ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਅੱਗ ਲਾਉਣ ਨਾਲ ਖੇਤੀ ਲਈ ਚੰਗੇ ਖੁਰਾਕੀ ਤੱਤ ਸੜ ਜਾਂਦੇ ਹਨ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਹੁੰਦਾ ਹੈ। ਜ਼ਿਲ੍ਹੇ ਦੇੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਸ੍ਰੀ ਕੁਲਜੀਤ ਸਿੰਘ ਸੈਣੀ ਕਿਹਾ ਕਿ ਇਕ ਅੰਦਾਜੇ ਮੁਤਾਬਕ ਧਰਤੀ ਵਿਚੋਂ ਝੋਨੇ ਦੁਆਰਾ ਲਈ ਗਈ 25 ਪ੍ਰਤੀਸ਼ਤ ਨਾਈਟ੍ਰੋਰੋਜਨ ਅਤੇ ਫਾਸਫੋਰਸ, 50 ਪ੍ਰਤੀਸ਼ਤ ਗੰਧਕ ਅਤੇ 75 ਪ੍ਰਤੀਸ਼ਤ ਪੋਟਾਸ਼ ਪਰਾਲੀ ਵਿੱਚ ਹੀ ਰਹਿ ਜਾਂਦੀ ਹੈ। ਦੇਖਿਆ ਗਿਆ ਹੈ ਕਿ 10 ਕੁਇੰਟਲ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ ਤੋਂ ਇਲਾਵਾ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ ਅਤੇ 1.2 ਕਿਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਅਜਿਹੇ ਤੱਤ ਨਸ਼ਟ ਹੋਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਨੂੰ ਵੱਡੀ ਢਾਹ ਲੱਗਦੀ ਹੈ। ਤਜਰਬਿਆਂ ਵਿੱਚ ਦੇਖਿਆ ਗਿਆ ਹੈ ਕਿ ਪਰਾਲੀ ਲਗਾਤਾਰ ਜਮੀਨ ਵਿੱਚ ਵਾਹੁਣ ਨਾਲ ਫਸਲਾਂ ਦੀ ਉਤਪਾਦਕਤਾ ਵਧਦੀ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।
ਉਹਨਾਂ ਦੱਸਿਆ ਕਿ ਪਰਾਲੀ ਵਿੱਚੋਂ ਨਿਕਲਦੀਆਂ ਗੈਸਾਂ ਵਿੱਚ 70% ਕਾਰਬਨ ਡਾਇਆਕਸਾਈਡ, 7% ਕਾਰਬਨ ਮੋਨੋਆਕਸਾਈਡ, 0.66% ਮੀਥੇਨ ਅਤੇ 2.09% ਨਾਇਟ੍ਰਿਕ ਆਕਸਾਈਡ ਵਰਗੀਆਂ ਗੈਸਾਂ ਹਨ, ਇਹ ਗੈਸਾਂ ਵਾਤਾਵਰਨ ਦੇ ਬਦਲਾਅ ਦਾ ਕਾਰਨ ਬਣਦੀਆਂ ਹਨ। ਪਰਾਲੀ ਨੂੰ ਸਾੜਨ ਨਾਲ ਧੂੰਏਂ ਦਾ ਗੁਬਾਰ ਜਿੱਥੇ ਵਾਤਾਵਰਨ ਨੂੰ ਪਲੀਤ ਕਰਦਾ ਹੈ, ਉਥੇ ਵਸੋਂ ਅਤੇ ਪਸ਼ੂਆਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਪਰਾਲੀ ਦੇ ਜਲਣ ਨਾਲ ਜੋ ਗਰਮੀ ਪੈਦਾ ਹੁੰਦੀ ਹੈ ਉਸ ਨਾਲ ਭੂਮੀ ਵਿਚਲੇ ਲਾਭਦਾਇਕ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ ਅਤੇ ਭੂਮੀ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਸੜਕਾਂ ਤੇ ਖੇਤਾਂ ਦੁਆਲੇ ਲੱਗੇ ਰੁੱਖਾਂ ਦਾ ਨੁਕਸਾਨ ਹੁੰਦਾ ਹੈ ਅਤੇ ਸੜਕ ਹਾਦਸੇ ਵਾਪਰਦੇ ਹਨ।
ਉਨਾਂ ਕਿਹਾ ਕਿ ਪਰਾਲੀ ਨੂੰ ਸਾੜੇ ਬਿਨਾਂ ਅਗਲੀਆਂ ਫਸਲਾਂ ਦੀ ਬਿਜਾਈ ਕਰਨ ਲਈ ਖੇਤੀ ਵਿਗਿਆਨੀਆਂ ਨੇ ਬਹੁਤ ਸਾਰੀਆਂ ਮਸ਼ੀਨਾਂ ਤਿਆਰ ਕਰ ਲਈ ਹਨ, ਜਿਨਾਂ ਵਿੱਚੋਂ ਇੱਕ ਮਸ਼ੀਨ ਹੈਪੀ ਸੀਡਰ ਹੈ।ਉਹਨਾਂ ਦੱਸਿਆ ਕਿ ਝੋਨੇ ਦੇ ਵੱਢ ਵਿੱਚ ਪਰਾਲੀ ਨੂੰ ਖੇਤ ਵਿੱਚੋਂ ਕੱਢੇ ਬਿਨਾਂ ਕਣਕ ਦੀ ਸਿੱਧੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਹੈਪੀ ਸੀਡਰ ਨਾਂਅ ਦੀ ਮਸੀਨ ਵਿਕਸਿਤ ਕੀਤੀ ਗਈ ਹੈ। ਇਸ ਵਿਚ ਫਲੇਲ ਕਿਸਮ ਦੇ ਬਲੇਡ ਲੱਗੇ ਹਏ ਹਨ ਜੋ ਕਿੱਲ ਦੇ ਬਿਜਾਈ ਕਰਨ ਵਾਲੇ ਫਾਲੇ ਦੇ ਸਾਹਮਣੇ ਆਉਣ ਵਾਲੀ ਪਰਾਲੀ ਨੂੰ ਕੱਟਦੇ ਹਨ ਅਤੇ ਪਿੱਛੇ ਵੱਲ ਧੱਕਦੇ ਹਨ। ਮਸ਼ੀਨ ਦੇ ਫਾਲਿਆਂ ਵਿਚ ਪਰਾਲੀ ਨਹੀਂ ਫਸਦੀ ਅਤੇ ਸਾਫ ਕੀਤੀ ਕੱਟੀ ਹੋਈ ਜਗਾ ਉੱਪਰ ਬੀਜ ਸਹੀ ਤਰੀਕੇ ਨਾਲ ਕੇਰਿਆ ਜਾ ਸਕਦਾ ਹੈ। ਇਹ ਪਰਾਲ ਬੀਜੇ ਹੋਏ ਰਕਬੇ ਉੱਪਰ ਮਲਚ ਦਾ ਕੰਮ ਕਰਦਾ ਹੈ। ਇਹ ਮਸੀਨ 45 ਜਾਂ ਵੱਧ ਹਾਰਸ ਪਾਵਰ ਟਰੈਕਟਰ ਨਾਲ ਚੱਲਦੀ ਹੈ ਅਤੇ ਇਕ ਦਿਨ ਵਿਚ ਤਕਰੀਬਨ 6-8 ਏਕੜ ਰਕਬੇ ਵਿਚ ਬਿਜਾਈ ਕਰਦੀ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਦਾ ਲਾਭ ਇਹ ਵੀ ਹੈ ਕਿ ਕਣਕ ਦੀ ਫਸਲ ਵਿੱਚ ਨਦੀਨ 50 ਤੋਂ 60 ਫੀਸਦੀ ਘੱਟ ਉਗਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹੈਪੀ ਸੀਡਰ ਨਾਲ ਕਣਕ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਇਕ ਸਾਰ ਖਿਲਾਰਨਾ ਬਹੁਤ ਜਰੂਰੀ ਹੈ। ਹੈਪੀ ਸੀਡਰ ਨਾਲ ਬਿਜਾਈ ਤੋਂ ਪਹਿਲਾਂ ਖੇਤ ਵਿਚ ਨਮੀ ਜਾਂ ਗਿੱਲ ਆਮ ਵਾਹੀ ਵਾਲੀ ਕਣਕ ਦੇ ਖੇਤਾਂ ਦੀ ਨਮੀ ਦੀ ਤੁਲਨਾ ਤੋਂ ਵੱਧ ਹੋਣੀ ਚਾਹੀਦੀ ਹੈ। ਝੋਨੇ ਦੇ ਖੇਤ ਨੂੰ ਵੀ ਅਖੀਰਲਾ ਪਾਣੀ ਇਸ ਹਿਸਾਬ ਨਾਲ ਲਗਾਉਣਾ ਚਾਹੀਦਾ ਹੈ ਤਾਂ ਜੋ ਝੋਨੇ ਦੀ ਕਟਾਈ ਤੋਂ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਬਿਨਾਂ ਰੌਣੀ ਤੋਂ ਸੰਭਵ ਹੋ ਸਕੇ। ਸਵੇਰੇ ਜਾਂ ਸਾਮ ਨੂੰ ਤਰੇਲ ਪੈਣ ਵੇਲੇ ਹੈਪੀ ਸੀਡਰ ਨਾਲ ਬਿਜਾਈ ਨਹੀਂ ਹੋ ਸਕਦੀ। ਇਸ ਮਸੀਨ ਨਾਲ ਬੀਜੀ ਹੋਈ ਕਣਕ ਨੂੰ ਪਹਿਲਾ ਪਾਣੀ ਹਲਕਾ ਲਗਾਉਣਾ ਚਾਹੀਦਾ ਹੈ ਅਤੇ ਇੱਕ ਏਕੜ ਵਿੱਚ ਘੱਟੋ-ਘੱਟ ਦੋ ਕਿਆਰੇ ਹੋਣੇ ਚਾਹੀਦੇ ਹਨ।
ਖੇਤੀ ਮਾਹਿਰ ਨੇ ਦੱਸਿਆ ਕਿ ਕਣਕ ਦੇ ਇਕਸਾਰ ਜੰਮ ਲਈ ਯੂਨੀਵਰਸਿਟੀ ਵੱਲੋਂ ਹੈਪੀਸੀਡਰ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਇਸ ਪਿੱਛੇ ਪਹੀਏ ਲਗਾਏ ਗਏ ਹਨ। ਇਹ ਪਹੀਏ ਮਸੀਨ ਦੇ ਪਿੱਛੇ ਕਤਾਰਾਂ ਦੇ ਵਿਚਲੇ ਫਾਸਲੇ ਵਾਲੀ ਥਾਂ ’ਤੇ ਚੱਲਦੇ ਹਨ ਅਤੇ ਪਰਾਲੀ ਨੂੰ ਕਤਾਰਾਂ ਵਿੱਚ ਦੱਬਦੇ ਹਨ। ਇਸ ਨਾਲ ਕਤਾਰਾਂ ਵਿੱਚ ਪੂਰੀ ਤਰਾਂ ਪਰਾਲੀ ਦੀ ਮਲਚ ਹੁੰਦੀ ਹੈ ਅਤੇ ਕਣਕ ਦਾ ਜੰਮ ਵੀ ਇੱਕਸਾਰ ਹੁੰਦਾ ਹੈ। ਪਹੀਆਂ ਵਾਲੇ ਹੈਪੀ ਸੀਡਰ ਨੂੰ ਚਲਾਉਣ ਤੋਂ ਪਹਿਲਾਂ ਕਰਚਿਆਂ ਨੂੰ ਸਟੱਬਲ ਸੇਵਰ (ਕਟਰ) ਜਾ ਪੀ.ਏ.ਯੂ. ਸਟੱਬਲ ਕਟਰ-ਕਮ-ਸਪਰੈਡਰ ਨਾਲ ਕੱਟ ਲੈਣਾ ਚਾਹੀਦਾ ਹੈ।