ਡਾ.ਓਬਰਾਏ ਦੇ ਨਿਰਸਵਾਰਥ ਸੇਵਾ ਕਾਰਜਾਂ ਤੇ ਸਿਹਤ ਵਿਭਾਗ ਫ਼ਖ਼ਰ ਮਹਿਸੂਸ ਕਰਦਾ ਹੈ : ਮੈਡੀਕਲ ਸੁਪਰਡੈਂਟ

Sorry, this news is not available in your requested language. Please see here.

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਸਰਬੱਤ ਦਾ ਭਲਾ ਟਰੱਸਟ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਨੂੰ ਫਰੀਜ਼ਰ ਤੇ ਵੱਡੀ ਮਾਤਰਾ ਚ ਦਵਾਈਆਂ ਭੇਟ
ਡਾ.ਓਬਰਾਏ ਵੱਲੋਂ ਸੂਬੇ ਚ ਆਕਸੀਜਨ ਪਲਾਂਟ ਲਾਉਣ ਲਈ ਯਤਨ ਜਾਰੀ : ਟਰੱਸਟ ਆਗੂ
ਅੰਮਿ੍ਰਤਸਰ,11 ਮਈ , 2021 ਹਰ ਔਖੀ ਘੜੀ ਵੇਲੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਚ ਸਭ ਤੋਂ ਅੱਗੇ ਹੋ ਕੇ ਮਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਅੱਜ ਸਥਾਨਕ ਗੁਰੂ ਨਾਨਕ ਦੇਵ ਹਪਸਤਾਲ ਦੇ ਪ੍ਰਬੰਧਕਾਂ ਦੀ ਮੰਗ ਤੇ ਉਨ੍ਹਾਂ ਨੂੰ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ਚ ਸਹਾਈ ਹੋਣ ਵਾਲੀਆਂ ਵੱਡੀ ਮਾਤਰਾ ਚ ਮਹਿੰਗੇ ਭਾਅ ਦੀਆਂ ਦਵਾਈਆਂ ਅਤੇ ਇੱਕ ਡੀਪ ਫਰੀਜ਼ਰ ਦਿੱੱਤਾ ਗਿਆ।
ਗੁਰੂ ਨਾਨਕ ਦੇਵ ਹਸਪਤਾਲ ਵਿਖੇ ਉਪਰੋਕਤ ਸਮਾਨ ਦੇਣ ਲਈ ਪਹੁੰਚੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਬਾਬਾ ਸ਼ਮਸ਼ੇਰ ਸਿੰਘ ਕੋਹਰੀ,ਮਨਪ੍ਰੀਤ ਸੰਧੂ, ਨਵਜੀਤ ਘਈ, ਗੁਰਪ੍ਰੀਤ ਸਿੱਧੂ ਆਦਿ ਨੇ ਦੱਸਿਆ ਕਿ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਡਾ.ਐੱਸ.ਪੀ. ਸਿੰਘ ਓਬਰਾਏ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ਦੌਰਾਨ ਵਰਤੋਂ ਚ ਆਉਣ ਵਾਲੀਆਂ ਕੁਝ ਜ਼ਰੂਰੀ ਦਵਾਈਆਂ ਅਤੇ ਟੀਕਿਆਂ ਤੋਂ ਇਲਾਵਾ ਇਨ੍ਹਾਂ ਨੂੰ ਸਾਂਭਣ ਲਈ ਇੱਕ ਵੱਡੇ ਫਰੀਜ਼ਰ ਦੀ ਜ਼ਰੂਰਤ ਹੈ,ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਡਾ. ਓਬਰਾਏ ਵੱਲੋਂ ਭੇਜੀਆਂ ਗਈਆਂ ਦਵਾਈਆਂ ਅਤੇ 500 ਲੀਟਰ ਦੀ ਕਪੈਸਿਟੀ ਵਾਲਾ ਡੀਪ ਫਰੀਜ਼ਰ ਅੱਜ ਹਸਪਤਾਲ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਗਿਆ ਹੈ,ਜਿਸ ਤੇ ਟਰੱਸਟ ਦਾ ਕਰੀਬ 5 ਲੱਖ ਰੁਪਏ ਖਰਚ ਆਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਅੰਦਰ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਡਾ.ਓਬਰਾਏ ਵੱਲੋਂ ਆਕਸੀਜਨ ਪਲਾਂਟ ਲਾਉਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਟਰੱਸਟ ਆਗੂਆਂ ਦੱਸਿਆ ਕਿ ਸ.ਓਬਰਾਏ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਦ ਵੀ ਕਿਸੇ ਥਾਂ ਤੋਂ ਮੈਡੀਕਲ ਨਾਲ ਸਬੰਧਤ ਕਿਸੇ ਸਾਮਾਨ ਦੀ ਡਿਮਾਂਡ ਟਰੱਸਟ ਕੋਲ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਪੂਰਿਆਂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮੁਸ਼ਕਲ ਦੌਰ ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿੱਥੇ ਵੱਖ-ਵੱਖ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਆਦਿ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਥੇ ਹੀ ਦਿੱਲੀ ਵਿਖੇ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਲਈ ਹੋਰਨਾਂ ਵੱਡੀਆਂ ਸਹੂਲਤਾਂ ਤੋਂ ਇਲਾਵਾ ਹੁਣ ਵੱਡੀ ਮਾਤਰਾ ਚ ਦਵਾਈ ਦੀਆਂ ਕਿੱਟਾਂ ਅਤੇ ਅਫ਼ਗ਼ਾਨਿਸਤਾਨ ਤੋਂ ਉੱਜੜ ਕੇ ਆਏ ਹਜ਼ਾਰਾਂ ਸ਼ਰਨਾਰਥੀਆਂ ਲਈ ਵੀ ਮੈਡੀਕਲ ਦਾ ਸਾਮਾਨ ਅਤੇ ਰਾਸ਼ਨ ਵੀ ਭੇਜਿਆ ਜਾ ਰਿਹਾ ਹੈ।
ਇਸ ਦੌਰਾਨ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ.ਕੇ.ਡੀ.ਸਿੰਘ,ਵਾਈਸ ਪਿ੍ਰੰਸੀਪਲ ਡਾ.ਜੇ.ਐਸ. ਕੁਲਾਰ ਅਤੇ ਡਾ.ਨਰਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਨੇ ਡਾ. ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਰ ਔਖੀ ਘੜੀ ਵੇਲੇ ਨਿਭਾਈਆਂ ਜਾਂਦੀਆਂ ਨਿਰਸਵਾਰਥ ਸੇਵਾਵਾਂ ਸਦਕਾ ਜਿੱਥੇ ਪੂਰੀ ਦੁਨੀਆਂ ਅੰਦਰ ਪੰਜਾਬੀਆਂ ਦਾ ਮਾਣ ਵੱਧ ਰਿਹਾ ਹੈ ਉੱਥੇ ਹੀ ਅੰਮਿ੍ਰਤਸਰ ਮੈਡੀਕਲ ਕਾਲਜ ਸਮੇਤ ਸਮੁੱਚਾ ਸਿਹਤ ਵਿਭਾਗ ਵੀ ਉਨ੍ਹਾਂ ਦੀ ਇਸ ਵੱਡੀ ਸੇਵਾ ਤੇ ਹਮੇਸ਼ਾਂ ਫ਼ਖ਼ਰ ਮਹਿਸੂਸ ਕਰਦਾ ਹੈ।
ਇਸ ਦੌਰਾਨ ਡਾ. ਸ਼ੈਲਪ੍ਰੀਤ ਕੌਰ,ਹਰਦੀਪ ਸਿੰਘ ਬੱਬਰ ਸਟੋਰ ਇੰਚਾਰਜ,ਗੁਰਬਰਿੰਦਰ ਸਿੰਘ ਆਦਿ ਵੀ ਮੌਜੂਦ ਸਨ।