ਡਾ. ਰੇਨੂੰ ਸਿੰਘ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ

Sorry, this news is not available in your requested language. Please see here.

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਦਸੰਬਰ 2024

ਨਵੇਂ ਸਾਲ ਦੀ ਆਮਦ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਨਿੱਘੀ ਮੁਬਾਰਕਬਾਦ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਵਚਨਬੱਧਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਦਾ ਦ੍ਰਿੜ ਇਰਾਦਾ ਅਤੇ ਨਿਸ਼ਚਾ ਹੈ ਕਿ ਨਵੇਂ ਸਾਲ ਦੌਰਾਨ ਵੀ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਸੁਚੱਜੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਅਮਲ ਜਾਰੀ ਰੱਖਿਆ ਜਾਵੇਗਾ ਅਤੇ ਜਿਥੇ ਕਿਤੇ ਵੀ ਕੋਈ ਘਾਟ ਨਜ਼ਰ ਆਉਂਦੀ ਹੈ, ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਂ ਸਾਲ ਜਿਥੇ ਨਵੀਂ ਊਰਜਾ, ਲਗਨ ਤੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਹੱਲਾਸ਼ੇਰੀ ਦਿੰਦਾ ਹੈ, ਉਥੇ ਬੀਤੇ ਵਰ੍ਹੇ ਦੌਰਾਨ ਕੀਤੇ ਗਏ ਚੰਗੇ ਕੰਮਾਂ ਨੂੰ ਲਗਾਤਾਰ ਜਾਰੀ ਰੱਖਣ ਲਈ ਵੀ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਮਾਣ ਹੈ ਕਿ ਇਸ ਨੇ ਉਪਲਭਧ ਸਾਧਨਾਂ ਅਤੇ ਹਾਸਲ ਹਾਲਤਾਂ ਦੀ ਸੁਚੱਜੀ ਵਰਤੋਂ ਕਰਦਿਆਂ ਸਾਲ 2024 ਵਿਚ ਲੋਕਾਂ ਲਈ ਉੱਚ ਮਿਆਰੀ ਅਤੇ ਉੱਤਮ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਹਨ। ਉਨ੍ਹਾਂ ਦੁਹਰਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਦਾ ਲਾਭ ਜ਼ਿਲ੍ਹੇ ਦੀ ਹਰ ਸਰਕਾਰੀ ਸਿਹਤ ਸੰਸਥਾ ਵਿਚ ਲੋਕਾਂ ਨੂੰ ਲਗਾਤਾਰ ਦਿੱਤਾ ਜਾ ਰਿਹਾ ਹੈ।

ਨਵੇਂ ਸਾਲ ਦੌਰਾਨ ਲੋਕਾਂ ਲਈ ਚੰਗੀ ਸਿਹਤ, ਖ਼ੁਸ਼ੀ ਤੇ ਖ਼ੁਸ਼ਹਾਲੀ ਦੀ ਕਾਮਨਾ ਕਰਦਿਆਂ ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ ਕਿ ਜਿਥੇ ਸਿਹਤ ਵਿਭਾਗ ਲੋਕਾਂ ਦੀ ਤੰਦਰੁਸਤੀ ਲਈ  ਆਪਣੀ ਪੂਰੀ ਵਾਹ ਲਾਉਂਦਾ ਹੈ, ਉਥੇ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਘਰ ਅਤੇ ਆਲੇ ਦੁਆਲੇ ਦੀ ਸਾਫ਼-ਸਫ਼ਾਈ ਯਕੀਨੀ ਬਣਾਉਣ, ਬੀਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ, ਕਿਸੇ ਵੀ ਕਿਸਮ ਦੀ ਬੀਮਾਰੀ ਦੇ ਲੱਛਣ ਦਿੱਸਣ ’ਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਵਿਚ ਪੁੱਜਣ ਅਤੇ ਹਸਪਤਾਲ ਦੇ ਸਟਾਫ਼ ਦਾ ਪੂਰਾ ਸਹਿਯੋਗ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਨੇ ਲੋਕਾਂ ਦੀ ਸਹਾਇਤਾ ਲਈ ਮੁਫ਼ਤ ਮੈਡੀਕਲ ਹੈਲਪਲਾਈਨ ਨੰਬਰ 104 ਚਲਾਈ ਹੋਈ ਹੈ, ਜਿਸ ਦਾ ਪੂਰਾ ਲਾਭ ਲਿਆ ਜਾਵੇ। ਡਾ. ਰੇਨੂੰ ਸਿੰਘ ਨੇ ਸਿਹਤ ਕਾਮਿਆਂ ਨੂੰ ਵੀ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆਂ ਹੋਰ ਵਧੀਆ ਢੰਗ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਆਖਿਆ।