ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜਾਗੋਵਾਲ ਬੇਟ, ਸੱਲੋਪੁਰ ਅਤੇ ਬਸੰਤਪੁਰ ਡਰੇਨਾਂ ਦਾ ਨਿਰੀਖਣ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਵਲੋਂ ਜਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਡਰੇਨਾਂ ਦੀ ਸਫ਼ਾਈ ਕਰਨ ਦੀ ਕੀਤੀ ਹਦਾਇਤ
ਗੁਰਦਾਸਪੁਰ, 8 ਜੁਲਾਈ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਬਰਸਾਂਤਾ ਦੇ ਮੋਸਮ ਨੂੰ ਧਿਆਨ ਵਿਚ ਰੱਖਦਿਆਂ, ਡਰੇਨਾਂ ਦੀ ਸਫਾਈ ਅਤੇ ਹੋਰ ਲੋੜੀਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਾਗੋਵਾਲ ਬੇਟ, ਸੱਲੋਪੁਰ ਅਤੇ ਬਸੰਤਪੁਰ ਡਰੇਨਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਂਤਾਂ ਤੋ ਪਹਿਲਾਂ ਡਰੇਨਾਂ ਦੀ ਮੁਕੰਮਲ ਸਫਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਜੈਪਾਲ ਸਿੰਘ ਭਿੰਡਰ ਐਕਸੀਅਨ ਡਰੇਨਜ਼ ਗੁਰਦਾਸਪੁਰ, ਜੀ.ਓ.ਜੀ ਦੇ ਅਧਿਕਾਰੀ ਤੇ ਸਬੰਧਤ ਵਿਭਾਗ ਦੇ ਅਧਿਕਾਰੀ ਆਦਿ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਹਦਾਇਤ ਕੀਤੀ ਕਿ ਉਹ ਡਰੇਨਾਂ ਦੀ ਸਫਾਈ ਦੋਰਾਨ ਡਰੇਨਾਂ ਵਿਚੋਂ ਨਿਕਲਣ ਵਾਲੇ ਕੂੜੇ ਆਦਿ ਨੂੰ ਡਰੇਨ ਦੇ ਨੇੜੇ ਨਾ ਸੁੱਟਣ, ਸਗੋਂ ਡਰੇਨ ਤੋਂ ਹੱਟਵਾਂ ਡਿਸਪੋਜ਼ ਕਰਨ ਨੂੰ ਯਕੀਨੀ ਬਣਾਉਣ। ਉਨਾਂ ਕਿਹਾ ਕਿ ਬਰਸਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿਲੇ ਅੰਦਰ ਡਰੇਨਾਂ ਦੀ ਸਫਾਈ ਲਈ ਕੋਈ ਢਿੱਲਮੱਠ ਨਾ ਵਰਤੀ ਜਾਵੇ, ਅਣਗਹਿਲੀ ਕਰਨ ਦੀ ਸੂਰਤ ਵਿਚ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਡਰੇਨਾਂ ਨੇੜਲੇ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨਾਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣੀਆਂ। ਉਨਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਰੇਨਾਂ ਨੇੜਲੇ ਪਿੰਡਾਂ ਦੇ ਲੋਕਾਂ ਦੀ ਹਰ ਮੁਸ਼ਕਿਲ ਪਹਿਲ ਦੇ ਅਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਉਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਨੇੜਲੇ ਪਿੰਡਾਂ ਦੇ ਮੋਹਤਬਰਾਂ ਨਾਲ ਲਗਤਾਰ ਸੰਪਰਕ ਰੱਖਣ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਸਮੇਂ ਸਿਰ ਹੱਲ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਜਾਗੋਵਾਲ ਬੇਟ ਵਿਖੇ ਡਰੇਨ ਦੀ ਸਫਾਈ ਦਾ ਜਾਇਜਾ ਲੈਂਦੇ ਹੋਏ।