ਡਿਪਟੀ ਕਮਿਸ਼ਨਰ ਤੇ ਕਮਿਸ਼ਨਰ ਨਗਰ ਨਿਗਮ ਨੇ ਪੈਂਦੇ ਮੀਹ ਦੌਰਾਨ ਕੀਤਾ ਸ਼ਹਿਰ ਦਾ ਦੌਰਾ

Sorry, this news is not available in your requested language. Please see here.

ਸ਼ਹਿਰ ਦੇ ਨੀਵੇਂ ਇਲਾਕਿਆਂ ‘ਚ ਵੀ ਭਾਰੀ ਮੀਂਹ ਪੈਣ ਦੇ ਬਾਵਜੂਦ ਨਹੀਂ ਜਮਾ ਹੋਇਆ ਬਰਸਾਤੀ ਪਾਣੀ
ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਦੇ ਕੀਤੇ ਪ੍ਰਬੰਧਾਂ ਕਰਕੇ ਲੋਕਾਂ ਨੇ ਲਿਆ ਸੁੱਖ ਦਾ ਸਾਹ
600 ਕਿਲੋਮੀਟਰ ਲੰਬੀਆਂ ਸੀਵਰੇਜ ਲਾਈਨਾਂ ਤੇ ਐਸ.ਟੀ.ਪੀ. ਰਾਹੀਂ ਬਰਸਾਤੀ ਪਾਣੀ ਦਾ ਤੇਜ਼ੀ ਨਾਲ ਕੀਤਾ ਗਿਆ ਨਿਕਾਸ : ਮੇਅਰ
ਨੀਵੇਂ ਇਲਾਕਿਆਂ ‘ਚ ਬਰਸਾਤੀ ਪਾਣੀ ਖੜੇ ਹੋਣ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੋਈ ਹੱਲ : ਡਿਪਟੀ ਕਮਿਸ਼ਨਰ
ਨਗਰ ਨਿਗਮ ਦੀਆਂ ਟੀਮਾਂ ਵੱਲੋਂ ਆਪਸੀ ਤਾਲਮੇਲ ਨਾਲ ਕੰਮ ਕਰਕੇ ਬਰਸਾਤੀ ਪਾਣੀ ਦੀ ਨਿਕਾਸ ਦੇ ਕੀਤੇ ਗਏ ਪ੍ਰਬੰਧ : ਕਮਿਸ਼ਨਰ ਨਗਰ ਨਿਗਮ
ਨਗਰ ਨਿਗਮ ਦੇ ਮੇਅਰ ਵੱਲੋਂ ਆਮ ਸ਼ਹਿਰੀਆਂ ਨੂੰ ਨਗਰ ਨਿਗਮ ਤੇ ਜ਼ਿਲਾ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ
ਪਟਿਆਲਾ, 3 ਅਗਸਤ 2021
ਪਟਿਆਲਾ ਸ਼ਹਿਰ ਦੀਆਂ ਅਜਿਹੀਆਂ ਥਾਵਾਂ ਜਿੱਥੇ ਕਿ ਦਹਾਕਿਆਂ ਤੋਂ ਬਰਸਾਤੀ ਪਾਣੀ ਦੇ ਜਮਾ ਹੋਣ ਦੀ ਸਮੱਸਿਆ ਚੱਲੀ ਆ ਰਹੀ ਸੀ, ਅੱਜ ਭਾਰੀ ਬਰਸਾਤ ਹੋਣ ਦੇ ਬਾਵਜੂਦ ਇਨ੍ਹਾਂ ਇਲਾਕਿਆਂ ‘ਚ ਪਾਣੀ ਖੜਾ ਨਹੀਂ ਹੋਇਆ। ਇਨ੍ਹਾਂ ਥਾਵਾਂ ਤੋਂ ਬਰਸਾਤ ਪੈਣ ਦੇ ਇੱਕ-ਦੋ ਘੰਟਿਆਂ ਦੇ ਅੰਦਰ-ਅੰਦਰ ਹੀ ਬਰਸਾਤੀ ਪਾਣੀ ਦਾ ਨਿਕਾਸ ਹੋ ਗਿਆ, ਜਿਸ ਨਾਲ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬਰਸਾਤੀ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਤੇ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਵਰਦੇ ਮੀਂਹ ਦੌਰਾਨ ਸ਼ੇਰਾਂ ਵਾਲਾ ਗੇਟ, ਅਨਾਰਦਾਣਾ ਚੌਂਕ, ਪੁਰਾਣੀ ਟਰੈਕਟਰ ਮਾਰਕਿਟ, ਕੜਾਹ ਵਾਲਾ ਚੌਂਕ, ਰਾਘੋ ਮਾਜਰਾ, ਪੁਰਾਣੀ ਸਬਜ਼ੀ ਮੰਡੀ, ਸਰਕਾਰੀ ਮਹਿੰਦਰਾ ਕਾਲਜ ਤੇ ਐਸ.ਟੀ.ਪੀ ਪਲਾਟ ਦਾ ਦੌਰਾ ਕਰਕੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ।
ਐਸ.ਟੀ.ਪੀ ਪਲਾਟ ‘ਤੇ ਗੱਲਬਾਤ ਕਰਦਿਆ ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਪਟਿਆਲਾ ਸ਼ਹਿਰ ‘ਚ ਪਈਆਂ 600 ਕਿਲੋਮੀਟਰ ਲੰਬੀਆਂ ਸੀਵਰੇਜ਼ ਲਾਈਨ ਅਤੇ ਐਸ.ਟੀ.ਪੀ ਰਾਹੀਂ ਪੂਰੀ ਸਮਰੱਥਾ ਨਾਲ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ, ਜਿਸ ਸਦਕਾ ਉਨ੍ਹਾਂ ਇਲਾਕਿਆ ‘ਚ ਇਸ ਭਾਰੀ ਮੀਂਹ ਦੌਰਾਨ ਵੀ ਪਾਣੀ ਖੜਾ ਨਹੀਂ ਹੋਇਆ ਜਿਥੇ ਦਹਾਕਿਆਂ ਤੋਂ ਮੀਂਹ ਪੈਣ ਤੋਂ ਬਾਅਦ ਲੰਮੇ ਸਮੇਂ ਤੱਕ ਪਾਣੀ ਖੜਾ ਰਹਿੰਦਾ ਸੀ, ਜਿਸ ਕਾਰਨ ਨੀਵੇ ਇਲਾਕਿਆਂ ਦੇ ਲੋਕਾਂ ਨੂੰ ਬਰਸਾਤੀ ਪਾਣੀ ਦੇ ਖੜੇ ਹੋਣ ਨਾਲ ਦਿੱਕਤ ਦਾ ਸਾਹਮਣਾ ਕਰਨਾ ਪੈਦਾ ਸੀ ਉਥੇ ਹੀ ਇਨ੍ਹਾਂ ਇਲਾਕਿਆ ‘ਚ ਬਰਸਾਤਾਂ ਦੇ ਮੌਸਮ ‘ਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਸੀ, ਜੋ ਹੁਣ ਕਾਫ਼ੀ ਹੱਦ ਤੱਕ ਹੱਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਸ਼ਹਿਰ ਦੀਆਂ ਹਰ ਤਰਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਗੰਭੀਰ ਹਨ ਤੇ ਨਗਰ ਨਿਗਮ ਵੀ ਸਮੱਸਿਆਵਾਂ ਦੇ ਹੱਲ ਲਈ 24 ਘੰਟੇ ਕੰਮ ਕਰ ਰਿਹਾ ਹੈ।
ਸ਼ਹਿਰ ਦਾ ਦੌਰਾ ਕਰਨ ਉਪਰੰਤ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਵੱਲੋਂ ਬਰਸਾਤਾਂ ਦੇ ਮੌਸਮ ਨੂੰ ਦੇਖਦੇ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ, ਜਿਸ ਸਦਕਾ ਅੱਜ ਪਈ ਭਾਰੀ ਬਰਸਾਤ ਤੋਂ ਬਾਅਦ ਵੀ ਸ਼ਹਿਰ ਦੇ ਨੀਵੇ ਇਲਾਕਿਆ ‘ਚ ਪਾਣੀ ਨਹੀਂ ਖੜਾ ਹੋਇਆ। ਉਨ੍ਹਾਂ ਦੱਸਿਆ ਕਿ ਸ਼ੇਰਾ ਵਾਲਾ ਗੇਟ, ਅਨਾਰਦਾਣਾ ਚੌਂਕ, ਮੋਦੀ ਕਾਲਜ, ਰਾਘੋ ਮਾਜਰਾ, ਕੜਾਹ ਵਾਲਾ ਚੌਂਕ, ਪੁਰਾਣੀ ਸਬਜ਼ੀ ਮੰਡੀ, ਸਮਾਨੀਆਂ ਗੇਟ, ਮਹਿੰਦਰਾ ਕਾਲਜ, ਜਿਥੇ ਬਰਸਾਤ ਤੋਂ ਬਾਅਦ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਰਹਿੰਦੀ ਸੀ ਪਰ ਅੱਜ ਵਰਦੇ ਮੀਹ ਦੌਰਾਨ ਕੀਤੀ ਜਾਂਚ ਦੌਰਾਨ ਵੀ ਇਨ੍ਹਾਂ ਇਲਾਕਿਆ ‘ਚ ਪਾਣੀ ਖੜਾ ਨਹੀ ਹੋਇਆ।
ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਹੋਣ ਕਾਰਨ ਸੀਵਰੇਜ਼ ਜਾਮ ਹੋਣ ਦੀ ਸਮੱਸਿਆ ‘ਚ ਕਮੀ ਆਈ ਹੈ, ਜਿਸ ਕਾਰਨ ਹੁਣ ਬਰਸਾਤੀ ਪਾਣੀ ਸੀਵਰੇਜ ਲਾਈਨ ਰਾਹੀਂ ਕੁਝ ਹੀ ਸਮੇਂ ‘ਚ ਖਾਲੀ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਆਪਸੀ ਤਾਲਮੇਲ ਨਾਲ ਕੰਮ ਕਰਕੇ ਬਰਸਾਤੀ ਪਾਣੀ ਦੇ ਨਿਕਾਸ ਦੇ ਪ੍ਰਬੰਧ ਕੀਤੇ ਗਏ ਹਨ, ਜਿਸ ਸਦਕਾ ਅੱਜ ਪਈ ਬਰਸਾਤ ਨਾਲ ਪਟਿਆਲਾ ਸ਼ਹਿਰ ਦੇ ਨੀਵੇ ਖੇਤਰਾਂ ‘ਚ ਵੀ ਪਾਣੀ ਨਹੀਂ ਖੜਿਆਂ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਸੀਵਰੇਜ਼ ਤੇ ਬਰਸਾਤੀ ਪਾਣੀ ਦਾ ਹੱਲ ਸਭ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ।
ਫੋਟੋ ਕੈਪਸ਼ਨ- ਨਗਰ ਨਿਗਮ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਤੇ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਐਸ.ਟੀ.ਪੀ ਪਲਾਟ ਦਾ ਦੌਰਾ ਕਰਦੇ ਹੋਏ।