ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਲੱਛਣ ਪਾਏ ਜਾਣ ’ਤੇ ਤੁਰੰਤ ਟੈਸਟ ਕਰਵਾਉਣ ਦੀ ਕੀਤੀ ਅਪੀਲ

DC SBS Nawanshahr Dr. Shena Aggarwal

Sorry, this news is not available in your requested language. Please see here.

*‘ਮਿਸ਼ਨ ਫ਼ਤਿਹ’ ਤਹਿਤ ਜ਼ਿਲੇ ਦੇ 483 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਕੀਤੀ ਵਾਪਸੀ
*ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਹੋਰ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਲੋੜ ’ਤੇ ਦਿੱਤਾ ਜ਼ੋਰ
*ਕੋਵਿਡ ਤੋਂ ਬਚਾਅ ਲਈ ਜ਼ਿਲੇ ਵਿਚ ਕੀਤੇ ਗਏ ਹਨ ਹਰੇਕ ਤਰਾਂ ਦੇ ਪ੍ਰਬੰਧ
* ਫੇਸਬੁੱਕ ਲਾਈਵ ਹੋ ਕੇ ਜ਼ਿਲਾ ਵਾਸੀਆਂ ਨਾਲ ਕੋਵਿਡ ਸਬੰਧੀ ਜਾਣਕਾਰੀ ਕੀਤੀ ਸਾਂਝੀ
ਨਵਾਂਸ਼ਹਿਰ, 27 ਅਗਸਤ : 
  ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ‘ਮਿਸ਼ਨ ਫਤਿਹ’ ਤਹਿਤ ਜ਼ਿਲਾ ਲੋਕ ਸੰਪਰਕ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਦੇ ਫੇਸਬੁੱਕ ਪੇਜ ’ਤੇ ਲਾਈਵ ਹੋ ਕੇ ਜ਼ਿਲਾ ਵਾਸੀਆਂ ਨਾਲ ਕੋਰੋਨਾ ਵਾਇਰਸ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾਂ ਦੱਸਿਆ ਕਿ ਕਰੋਨਾ ਵਾਇਰਸ ਦਾ ਫੈਲਾਅ ਦਿਨੋ-ਦਿਨ ਵੱਧਦਾ ਜਾ ਰਿਹਾ ਹੈ, ਇਸ ਕਰਕੇ ਸਾਨੂੰ ਹੋਰ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਵਿਡ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਤੁਰੰਤ ਬਿਨਾਂ ਕਿਸੇ ਦੇਰੀ ਦੇ ਨੇੜਲੇ ਕੋਵਿਡ ਟੈਸਟਿੰਗ ਸੈਂਟਰ ’ਤੇ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ, ਕਿਉਂਕਿ ਜੇਕਰ ਮੁਢਲੇ ਪੜਾਅ ਵਿਚ ਹੀ ਪਤਾ ਲੱਗ ਜਾਵੇ ਤਾਂ ਇਸ ਤੋਂ ਬਿਮਾਰੀ ਤੋਂ ਜਲਦ ਨਿਜ਼ਾਤ ਪਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹ ਟੈਸਟ ਜ਼ਿਲੇ ਦੇ ਸਾਰੇ ਸਰਕਾਰੀ ਟੈਸਟਿੰਗ ਸੈਂਟਰਾਂ ’ਤੇ ਮੁਫ਼ਤ ਕੀਤੇ ਜਾਂਦੇ ਹਨ।
  ਉਨਾਂ ਕਿਹਾ ਕਿ ਬੀਤੇ ਦਿਨ ਤੱਕ ਕੋਵਿਡ-19 ਦੇ ਮੱਦੇਨਜ਼ਰ ਜ਼ਿਲੇ ਅੰਦਰ 23675 ਨਮੂਨੇ ਲਏ ਗਏ, ਜਿਸਦੇ ਵਿੱਚੋਂ ਕੁੱਲ 627 ਪਾਜ਼ੀਟਿਵ ਕੇਸਾਂ ਵਿਚੋਂ 483 ਲੋਕ ਕੋਰੋਨਾ ਨੰੂ ਮਾਤ ਦੇ ਕੇ ਆਪਣੇ ਘਰਾਂ ਨੂੰ ਵਾਪਸੀ ਕਰ ਚੁੱਕੇ ਹਨ। ਉਨਾਂ ਦੱਸਿਆ ਕਿ ਇਸ ਵੇਲੇ ਜ਼ਿਲੇ ਵਿਚ 132 ਐਕਟਿਵ ਕੇਸ ਹਨ, ਜਿਨਾਂ ਵਿਚੋਂ 126 ਜ਼ਿਲੇ ਅਤੇ 6 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ।
  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਦੇ ਇਸ ਸੰਕਟ ’ਚ ਹਰੇਕ ਜ਼ਿਲਾ ਵਾਸੀ ਨੰੂ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੰੂ ਸੈਂਪਿਗ ਵੇਲੇ ਪੂਰਾ ਸਹਿਯੋਗ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਸਰਕਾਰ, ਜ਼ਿਲਾ ਪ੍ਰਸ਼ਾਸਨ, ਸਿਹਤ ਵਿਭਾਗ, ਪੁਲਿਸ ਅਤੇ ਹੋਰ ਵਿਭਾਗ ਜੀਅ-ਜਾਨ ਨਾਲ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਵਿਚ ਲੱਗੇ ਹੋਏ ਹਨ, ਪਰੰਤੂ ਇਸ ਵਿਚ ਲੋਕਾਂ ਦੇ ਸਹਿਯੋਗ ਨਾਲ ਹੀ ਕਾਮਯਾਬੀ ਮਿਲ ਸਕਦੀ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਸੈਂਪਲਿੰਗ ਕਰਨ ਵਾਲੀਆਂ ਟੀਮਾਂ ਨਾਲ ਬਦਸਲੂਕੀ ਦੀਆਂ ਕੁਝ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਕਿ ਬਹੁਤ ਗਲਤ ਗੱਲ ਹੈ। ਉਨਾਂ ਕਿਹਾ ਕਿ ਦਿਨ-ਰਾਤ ਸੇਵਾ ਵਿਚ ਜੁੱਟੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਾਨੂੰ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ, ਨਾ ਕਿ ਉਨਾਂ ਦੇ ਕੰਮ ਵਿਚ ਰੁਕਾਵਟ ਪਾ ਕੇ ਜਾਂ ਬਦਸਲੂਕੀ ਕਰ ਕੇ ਉਨਾਂ ਦਾ ਮਨੋਬਲ ਡੇਗਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਭ ਉਨਾਂ ਦੇ ਭਲੇ ਲਈ ਕੀਤਾ ਜਾ ਰਿਹਾ ਹੈ।
ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਜ਼ਿਲੇ ਵਿਚ ਕੋਵਿਡ ਤੋਂ ਬਚਾਅ ਲਈ ਹਰੇਕ ਤਰਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਨੂੰ ਡਰਨ ਜਾਂ ਦਹਿਸ਼ਤ ਵਿਚ ਆਉਣ ਦੀ ਲੋੜ ਨਹੀਂ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਟੈਸਟਿੰਗ ਸਮਰੱਥਾ ਵਧਾਈ ਗਈ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੁਣ ਘੱਟ ਸੀਰੀਅਸ ਪਾਜ਼ੀਟਿਵ ਕੇਸ ਆਉਣ ’ਤੇ ਘਰਾਂ ’ਚ ਲੋੜੀਂਦੀ ਸੁਵਿਧਾ ਹੋਣ ਦੇ ਆਧਾਰ ’ਤੇ ਇਕਾਂਤਵਾਸ ਲਈ ਆਗਿਆ ਦਿੱਤੀ ਜਾਵੇਗੀ ਅਤੇ ਮਰੀਜ਼ ਨੂੰ ਹਸਪਤਾਲ ਦਾਖ਼ਲ ਹੋਣ ਦੀ ਲੋੜ ਨਹੀਂ ਪਵੇਗੀ। ਉਨਾਂ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।
ਉਨਾਂ ਇਹ ਵੀ ਕਿਹਾ ਕਿ ਜਿਹੜੇ ਐਨ. ਆਰ. ਆਈ ਵਾਪਸ ਆਉਣਾ ਚਾਹੁੰਦੇ ਹਨ, ਉਨਾਂ ਨੂੰ ਵਾਪਸ ਆਉਣ ਤੋਂ ਪਹਿਲਾਂ ਉਥੇ 96 ਘੰਟੇ ਪਹਿਲਾਂ ਟੈਸਟ ਕਰਵਾਉਣਾ ਪਵੇਗਾ। ਇਥੇ ਪਹੁੰਚ ਕੇ ਉਨਾਂ ਨੂੰ ਆਪਣੀ ਰਿਪੋਰਟ ਦਿਖਾਉਣੀ ਪਵੇਗੀ, ਜਿਸ ਦੇ ਆਧਾਰ ’ਤੇ ਉਨਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਦੀ ਆਗਿਆ ਦਿੱਤੀ ਜਾ ਸਕਦੀ ਹੈ।
 ਉਨਾਂ ਕਿਹਾ ਕਿ ਬਿਨਾਂ ਤੱਥਾਂ ’ਤੇ ਆਧਾਰਿਤ ਸ਼ੋਸਲ ਮੀਡੀਆ ’ਤੇ ਗਲਤ ਜਾਣਕਾਰੀ ਸਾਂਝੀ ਕਰਨੀ ਕਾਨੰੂਨੀ ਅਪਰਾਧ ਹੈ ਜਿਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕੋਰੋਨਾ ਮਹਾਂਮਾਰੀ ਨੰੂ ਅਸੀ ਸਾਰਿਆਂ ਨੇ ਟੀਮ ਦੇ ਤੌਰ ’ਤੇ ਕੰਮ ਕਰ ਕੇ ਇਸਦੇ ਫੈਲਾਅ ਨੰੂ ਰੋਕਣਾ ਹੈ।
 ਉਨਾਂ ਕਿਹਾ ਕਿ ਸਾਰਿਆਂ ਨੂੰ ਮੂੰਹ ਤੇ ਨੱਕ ਨੂੰ ਮਾਸਕ ਨਾਲ ਢੱਕ ਕੇ ਰੱਖਣ, ਆਪਸ ਵਿਚ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਇਕੱਠ ਵਾਲੀ ਜਗਾ ਜਾਣ ਤੋਂ ਗੁਰੇਜ ਕਰਨਾ ਅਤੇ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਪਹਿਲਾਂ ਤੇ ਬਾਅਦ ਵਿਚ ਹੱਥ ਜ਼ਰੂਰ ਧੋਣ ਵਰਗੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਫੈਲਾਅ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਇਸ ਕਰਕੇ ਸਾਵਧਾਨੀਆਂ ਅਤੇ ਬਚਾਅ ਵਿਚ ਸਾਡਾ ਸਾਰਿਆਂ ਦਾ ਬਚਾਅ ਹੈ ਇਸ ਲਈ ਕਰੋਨਾ ਨੂੰ ਹਰਾਉਣ ਲਈ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।