ਡਿਪਟੀ ਕਮਿਸ਼ਨਰ ਵਲੋਂ ਪੋਸ਼ਣ ਮਹੀਨਾ ਸਤੰਬਰ 2022 ਤਹਿਤ ਕੁਪੋਸ਼ਣ ਬੱਚਿਆਂ ਤੇ ਅਨੀਮੀਕ ਔਰਤਾਂ ਦੀ ਸਿਹਤ ਸੰਭਾਲ ਕਰਨ ਦੀ ਹਦਾਇਤ
ਰੂਪਨਗਰ, 7 ਸਤੰਬਰ:
ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਪੋਸ਼ਣ ਮਹੀਨਾ ਸਿੰਤਬਰ 2022 ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ ਜ਼ਿਲ੍ਹਾ ਰੂਪਨਗਰ ਵਿੱਚ ਪੋਸ਼ਣ ਮਹੀਨੇ ਨੂੰ ਸਮੂਹ ਵਿਭਾਗਾਂ ਵੱਲੋਂ ਸਹਿਯੋਗ ਨਾਲ ਮਨਾਉਣ ਸਬੰਧੀ ਮੀਟਿੰਗ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਕੀਤੀ ਗਈ।
ਇਸ ਮੀਟਿੰਗ ਵਿਚ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਤੋਂ ਇਲਾਵਾ ਸਿਹਤ ਵਿਭਾਗ, ਸਿੱਖਿਆ ਵਿਭਾਗ, ਬਾਗਬਾਨੀ ਵਿਭਾਗ, ਖੇਤੀਬਾੜੀ ਵਿਭਾਗ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਆਯੁਸ਼ ਵਿਭਾਗ ਦੇ ਨੁਮਾਇੰਦੇ ਮੀਟਿੰਗ ਵਿੱਚ ਹਾਜ਼ਰ ਹੋਏ।
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਬਲਾਕ ਵਿਕਾਸ ਪੰਚਾਇਤ ਅਫਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਪੋਸ਼ਣ ਪੰਚਾਇਤ ਅਤੇ ਬਾਲ ਪੰਚਾਇਤ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਸਿਹਤ ਵਿਭਾਗ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪਿੰਡਾਂ ਵਿੱਚ ਅਨੀਮੀਆ (ਖੂਨ ਦੀ ਕਮੀ) ਸਬੰਧੀ ਸਿਹਤ ਅਤੇ ਜਾਗਰੂਕਤਾ ਕੈਂਪ ਲਗਾਏ ਜਾਣ। ਜਿਸ ਉਪਰੰਤ ਅਨੀਮੀਕ ਪਾਏ ਜਾਣ ਵਾਲੇ ਬੱਚੇ ਅਤੇ ਵਿਸ਼ੇਸ਼ ਤੌਰ ਉੱਤੇ ਔਰਤਾਂ ਦਾ ਸਿਹਤ ਸੰਭਾਲ ਦਾ ਧਿਆਨ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਰੂਪਨਗਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਲੜਕੀਆਂ ਦਾ ਹੀਮੋਗਲੋਬਿਨ ਚੈੱਕ ਕਰਵਾਇਆ ਜਾਵੇ ਤਾਂ ਜੋ ਅਨੀਮੀਆ ਨਾਲ ਪੀੜਤ ਲੜਕੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਸ ਮਹੀਨੇ ਦੌਰਾਨ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਦਿੱਤੀਆਂ ਜਾ ਸਕਣ।
ਡਾ. ਪ੍ਰੀਤੀ ਯਾਦਵ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਛੋਟੇ ਬੱਚਿਆਂ ਵਿੱਚ ਪਾਏ ਜਾ ਰਹੇ ਕੁਪੋਸ਼ਣ ਅਤੇ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹੇ ਦੇ ਸਮੂਹ ਬੱਚਿਆਂ ਨੂੰ ਆਂਗਨਵਾੜੀ ਸੈਂਟਰ ਪੱਧਰ ਉੱਤੇ ਸ਼ਨਾਖਤ ਕਰਨ ਅਤੇ ਇਸ ਦੀ ਰੋਕਥਾਮ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਉਣ।
ਬਾਗਬਾਨੀ ਵਿਭਾਗ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਪੇਂਡੂ ਵਿਕਾਸ ਵਿਭਾਗ ਦੇ ਨਾਲ ਤਾਲਮੇਲ ਕਰਕੇ ਨਿਊਟਰੀਸ਼ਨ ਕਿੱਟਾਂ/ਸੀਡ ਕਿੱਟਾਂ ਪਿੰਡਾਂ ਵਿੱਚ ਸਪਲਾਈ ਕਰਨੀਆਂ ਯਕੀਨੀ ਬਣਾਉਣ ਅਤੇ ਇਹ ਵੀ ਹਦਾਇਤ ਕੀਤੀ ਗਈ ਕਿ ਇਨ੍ਹਾਂ ਕਿੱਟਾਂ ਦੀ ਵਰਤੋਂ ਯਕੀਨੀ ਬਣਾਉਣ ਲਈ ਪਿੰਡਾਂ ਵਿੱਚ ਆਂਗਣਵਾੜੀ ਸੈਂਟਰ ਜਾਂ ਸਕੂਲਾਂ ਵਿੱਚ ਕਿਚਨ ਗਾਰਡਨ ਬਣਾਏ ਜਾਣ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਮਰਜੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨ (ਵਿਕਾਸ) ਸ. ਦਮਨਜੀਤ ਸਿੰਘ ਮਾਨ, ਐਸ.ਡੀ.ਐਮ ਸ਼੍ਰੀ ਅਨੰਦਪੁਰ ਸਾਹਿਬ ਮਨੀਸ਼ਾ ਰਾਣਾ, ਐਸ.ਡੀ.ਐਮ ਨੰਗਲ ਕਿਰਨ ਸ਼ਰਮਾ, ਸਿਵਲ ਸਰਜਨ ਡਾ. ਪਰਿੰਮਦਰ ਕੁਮਾਰ, ਸਮੂਹ ਸੀ.ਡੀ.ਪੀ.ਓ. ਸਮੇਤ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

हिंदी






