ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਮਸ਼ੀਨਰੀ ਦੀ ਵਰਤੋਂ ਕਰ ਰਹੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ

Sorry, this news is not available in your requested language. Please see here.

–ਮਸ਼ੀਨਰੀ ਰਾਹੀਂ ਪਰਾਲੀ ਦਾ ਢੁਕਵਾਂ ਪ੍ਰਬੰਧ ਅਤੇ ਪਰਾਲੀ ਦਾ ਆਪਣਾ ਸਟੋਰ ਕਰਨ ਵਾਲੇ ਕਿਸਾਨ ਕਰਮਜੀਤ ਸਿੰਘ ਧੌਲਾ ਦੀ ਕੀਤੀ ਸ਼ਲਾਘਾ

ਬਰਨਾਲਾ, 2 ਨਵੰਬਰ

ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੋਰ ਵੱਲੋਂ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਪਿੰਡ ਧੌਲਾ, ਹੰਡਿਆਇਆ ਅਤੇ ਰੂੜੇਕੇ ਕਲਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ।

ਉਨ੍ਹਾਂ ਬਲਾਕ ਬਰਨਾਲਾ ਦੇ ਪਿੰਡ ਧੌਲਾ ਵਿਖੇ ਕਿਸਾਨ ਕਰਮਜੀਤ ਸਿੰਘ ਵੱਲੋਂ ਆਪਣੇ ਪੱਧਰ ਤੇ ਲਗਾਏ ਗਏ ਪਰਾਲੀ ਦੇ ਸਟੋਰ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਕਰਮਜੀਤ ਸਿੰਘ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਜੋ ਉਪਰਾਲੇ ਕਰ ਰਹੇ ਹਨ, ਉਹ ਬਹੁਤ ਸ਼ਲਾਘਾ ਯੋਗ ਹਨ। ਕਿਸਾਨ ਨੇ ਆਪਣੇ ਨਾਲ ਹੋਰ ਬੇਲਰ ਮਾਲਕਾਂ ਦੀ ਪਰਾਲੀ ਵੀ ਸਟੋਰ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਕਰਮਜੀਤ ਸਿੰਘ ਤੋਂ ਸੇਧ ਲੈਣੀ ਚਾਹੀਦੀ ਹੈ।

ਡਿਪਟੀ ਕਮਿਸ਼ਨਰ ਵੱਲੋਂ ਰੂੜੇਕੇ ਕਲਾਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਕੇ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਦੀ ਅਪੀਲ ਕੀਤੀ। ਉੱਥੇ ਮੌਜੂਦ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਭਰੋਸਾ ਦਿੱਤਾ ।ਮੁੱਖ ਖੇਤੀਬਾੜੀ ਅਫ਼ਸਰ  ਬਰਨਾਲਾ ਡਾ. ਜਗਦੀਸ਼ ਸਿੰਘ ਨੇ ਕਿਸਾਨਾਂ ਨੂੰ ਜਾਣੂ ਕਰਵਾਇਆ ਕਿ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਖੇਤੀਬਾੜੀ ਵਿਭਾਗ/ਕੋਆਪਰੇਟਿਵ ਸੁਸਾਇਟੀਆਂ/ਪੰਚਾਇਤਾਂ/ਕਿਸਾਨ ਗਰੁੱਪ ਅਤੇ ਨਿੱਜੀ ਕਿਸਾਨਾਂ ਪਾਸ ਮਸ਼ੀਨਰੀ ਉਪਲੱਬਧ ਹੈ ਅਤੇ ਕਿਸਾਨ ਇਹ ਮਸ਼ੀਨਰੀ ਸਸਤੇ ਰੇਟਾਂ ’ਤੇ ਕਿਰਾਏ ’ਤੇ ਲੈ ਕੇ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਤਾਂ ਜੋ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਤੋਂ ਬਾਅਦ ਉਨ੍ਹਾਂ ਕੋਠੇ ਸਰਾਂ ਪਿੰਡ ਹੰਡਿਆਇਆ ਦੇ ਜਗਦੇਵ ਸਿੰਘ ਅਤੇ ਸੁੱਖਵਿੰਦਰ ਸਿੰਘ ਦੇ ਖੇਤ ਦਾ ਦੌਰਾ ਕੀਤਾ, ਜਿੱਥੇ ਬੇਲਰ ਨਾਲ ਗੰਢਾਂ ਬਣਾਈਆਂ ਜਾ ਰਹੀਆਂ ਸਨ। ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ  ਕਿਸਾਨਾਂ ਦੀ ਸਰਾਹਨਾ ਕੀਤੀ ਗਈ ਅਤੇ ਕਿਹਾ ਕਿ ਉੁਹ ਹੋਰਨਾਂ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਬਿਨਾਂ ਅੱਗ ਲਗਾਏ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਤਰੀਕਾ ਪਰਾਲੀ ਦੀ ਸਹੀ ਸਾਂਭ—ਸੰਭਾਲ ਲਈ ਕਾਫੀ ਢੁੱਕਵਾਂ ਹੈ ਇਸ ਸਬੰਧੀ ਹੋਰ ਕੰਪਨੀਆਂ ਨਾਲ ਤਾਲਮੇਲ ਕਰਕੇ ਅਜਿਹੇ ਪਲਾਂਟ ਲਗਾਉਣ ਲਈ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ।

ਮੁੱਖ ਖੇਤੀਬਾੜੀ ਅਫ਼ਸਰ  ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਹਰ ਤਰ੍ਹਾਂ ਦਾ ਸਹਿਯੋਗ ਕਰ ਰਿਹਾ ਹੈ। ਜੇਕਰ ਕਿਸਾਨਾਂ ਨੂੰ ਕਿਸੇ ਤਰਾਂ ਦੀ ਕੋਈ ਮੁਸਕਿਲ ਪੇਸ਼ ਆਉਂਦੀ ਹੈ ਤਾਂ ਉਹ ਸਬੰਧਤ ਬਲਾਕ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਸ੍ਰੀ ਗੋਪਾਲ ਸਿੰਘ ਐਸ ਡੀ ਐਮ ਬਰਨਾਲਾ, ਸ੍ਰੀ ਸੁਖਪਾਲ ਸਿੰਘ ਐਸ ਡੀ ਐਮ ਤਪਾ, ਜ਼ਿਲ੍ਹਾ ਮੰਡੀ ਅਫ਼ਸਰ  ਬਰਨਾਲ ਸ੍ਰੀ ਅਸਲਮ, ਸ੍ਰੀ ਬੇਅੰਤ ਸਿੰਘ , ਸ੍ਰੀਮਤੀ ਸੁਨੀਤਾ ਰਾਣੀ, ਖੇਤੀਬਾੜੀ ਵਿਭਾਗ ਬਰਨਾਲਾ ਤੇ ਹੋਰ ਕਿਸਾਨ ਹਾਜ਼ਰ ਸਨ।