ਡਿਪਟੀ ਕਮਿਸ਼ਨਰ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਗੋਲਡ ਜਿੱਤਣ ਵਾਲੀ ਖਿਡਾਰਨ ਅਰਸ਼ਦੀਪ ਕੌਰ ਨੂੰ ਕੀਤਾ ਸਨਮਾਨਿਤ

Sorry, this news is not available in your requested language. Please see here.

ਸ਼ੂਟਿੰਗ ਖੇਡ ਨੂੰ ਜ਼ਿਲ੍ਹਾ ਰੂਪਨਗਰ ਵਿੱਚ ਹੋਰ ਪ੍ਰਫੁੱਲਿਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ
ਰੂਪਨਗਰ, 18 ਨਵੰਬਰ 2024
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ 2 ਗੋਲਡ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਅਰਸ਼ਦੀਪ ਕੌਰ ਨੂੰ ਆਪਣੇ ਦਫਤਰ ਬੁਲਾ ਕੇ ਵਧਾਈ ਦਿੰਦਿਆਂ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਸ਼ੂਟਿੰਗ ਖੇਡ ਨੂੰ ਜ਼ਿਲ੍ਹਾ ਰੂਪਨਗਰ ਵਿੱਚ ਹੋਰ ਪ੍ਰਫੁੱਲਿਤ ਕੀਤਾ ਜਾਵੇਗਾ ਤਾਂ ਜੋ ਜਿਲ੍ਹੇ ਵਿੱਚ ਇਸ ਖੇਡ ਦੇ ਹੋਰ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾ ਸਕਣ। ਡਿਪਟੀ ਕਮਿਸ਼ਨਰ ਵੱਲੋਂ ਮੌਕੇ ਉੱਤੇ ਹੀ ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਗਿੱਲ ਤੇ ਸ਼ੂਟਿੰਗ ਕੋਚ ਨਰਿੰਦਰ ਸਿੰਘ ਬੰਗਾ ਨੂੰ ਇਸ ਸਬੰਧੀ ਤਜਵੀਜ਼ ਤਿਆਰ ਕਰ ਕੇ ਪੇਸ਼ ਕਰਨ ਲਈ ਕਿਹਾ ਗਿਆ ਤਾਂ ਜੋ ਜਲਦ ਤੋਂ ਜਲਦ ਇਸ ਤੇ ਕੰਮ ਕੀਤਾ ਜਾ ਸਕੇ।
ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਸ਼ੂਟਿੰਗ ਇੱਕ ਅਜਿਹੀ ਖੇਡ ਹੈ ਜਿਸ ਦਾ ਸਬੰਧ ਸਿੱਧਾ ਇਕਾਗਰਤਾ ਅਤੇ ਸਟੀਕਤਾ ਨਾਲ ਹੁੰਦਾ ਹੈ ਅਤੇ ਖਿਡਾਰਨ ਅਰਸ਼ਦੀਪ ਕੌਰ ਦੀ ਕੌਮਾਂਤਰੀ ਪੱਧਰ ਦੀ ਉਪਲਭਧੀ ਤੋਂ ਪਤਾ ਲੱਗਦਾ ਹੈ ਕਿ ਇਸ ਵੱਲੋਂ ਸਖ਼ਤ ਮਿਹਨਤ ਕੀਤੀ ਗਈ ਹੈ ਜਿਸ ਦਾ ਸਿਹਰਾ ਕੋਚ ਅਤੇ ਮਾਪਿਆਂ ਨੂੰ ਜਾਂਦਾ ਹੈ।
ਇਸ ਮੌਕੇ ਉਨ੍ਹਾਂ ਹੋਰ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ, ਬੇਸ਼ੱਕ ਬੱਚਾ ਕਿਸੇ ਵੀ ਖੇਡ ਵੱਲ ਰੁਚੀ ਰੱਖਦਾ ਹੋਵੇ ਉਸਨੂੰ ਪਸੰਦੀਦਾ ਖੇਡ ਵਿੱਚ ਭੇਜਿਆ ਜਾਵੇ ਤਾਂ ਜੋ ਬੱਚੇ ਦਾ ਸਰਵਪੱਖੀ ਵਿਕਾਸ ਹੋ ਸਕੇ।
ਕੋਚ ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਅਰਸ਼ਦੀਪ ਕੌਰ ਸਕੂਲ ਪੱਧਰ ਤੋਂ ਹੀ ਹੋਣਹਾਰ ਖਿਡਾਰਣ ਹੈ, ਇਹ ਪ੍ਰਾਪਤੀ ਉਸ ਦੀ ਲਗਾਤਾਰ ਮਿਹਨਤ ਅਤੇ ਲਗਨ ਦਾ ਨਤੀਜਾ ਹੈ।
ਖਿਡਾਰਨ ਅਰਸ਼ਦੀਪ ਕੌਰ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸੇਹਰਾ ਆਪਣੇ ਮਾਪੇ ਤੇ ਕੋਚ ਨਰਿੰਦਰ ਸਿੰਘ ਬੰਗਾ ਨੂੰ ਦਿੱਤਾ, ਜਿਨ੍ਹਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਵੱਡਾ ਸਹਿਯੋਗ ਦਿੱਤਾ। ਅਰਸ਼ਦੀਪ ਕੌਰ ਨੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਨਮਾਨ ਦੇਣ ਤੇ ਧੰਨਵਾਦ ਵੀ ਕੀਤਾ।
ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼ਰਨਜੀਤ ਕੌਰ ਤੇ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।