ਥੈਲੇਸੀਮੀਆ ਮਰੀਜ਼ ਦੀ ਪੰਜਾਬ ਸਰਕਾਰ ਵੱਲੋਂ ਡੇਢ ਲੱਖ ਰੁਪਏ ਤੱਕ ਦੀ ਕੀਤੀ ਜਾਂਦੀ ਹੈ ਵਿੱਤੀ ਸਹਾਇਤਾ – ਵਿਧਾਇਕ ਚੱਢਾ

Sorry, this news is not available in your requested language. Please see here.

ਸਿਵਲ ਹਸਪਤਾਲ ਵਿਖੇ ਥੈਲੇਸਿਮੀਆ ਰੋਗ ਸਬੰਧੀ ਲਗਾਏ ਜਾਂਚ ਕੈਂਪ ‘ਚ ਕੀਤੀ ਸ਼ਿਰਕਤ
ਰੂਪਨਗਰ, 20 ਜੂਨ 2025
ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੀ ਅਗਵਾਈ ਹੇਠ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿਖੇ ਥੈਲੇਸਿਮੀਆ ਸਬੰਧੀ ਇੱਕ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਇਸ ਮੌਕੇ ਕੈਂਪ ਵਿੱਚ ਆਏ ਹੋਏ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਪੂਰਨ ਭਰੋਸਾ ਦਿੱਤਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਥੈਲੇਸੀਮੀਆ ਮਰੀਜ਼ ਦੀ ਪੰਜਾਬ ਸਰਕਾਰ ਵੱਲੋਂ ਡੇਢ ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਵੀ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਇਹ ਭਰੋਸਾ ਵੀ ਦਵਾਇਆ ਕਿ ਥੈਲੇਸਿਮੀਆ ਦੇ ਇਲਾਜ ਸੰਬੰਧੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਸਬੰਧੀ ਅਸੀਂ ਉਨ੍ਹਾਂ ਦਾ ਪੂਰਾ ਸਹਿਯੋਗ ਕਰਦੇ ਹੋਏ ਉਨ੍ਹਾਂ ਦਾ ਪੂਰਨ ਇਲਾਜ਼ ਕਰਵਾਇਆ ਜਾਵੇਗਾ।
ਇਸ ਟ੍ਰੇਨਿੰਗ ਦੌਰਾਨ ਫੋਰਟਿਸ ਹਸਪਤਾਲ ਗੁੜਗਾਓਂ ਤੋਂ ਡਾ. ਵਿਕਾਸ ਦੁਆ ਵਿਸ਼ੇਸ਼ ਤੌਰ ਤੇ ਮਰੀਜ਼ਾਂ ਦੀ ਕਾਉਂਸਲਿੰਗ ਸੰਬੰਧੀ ਪਹੁੰਚੇ, ਉਨ੍ਹਾਂ ਕਿਹਾ ਕਿ ਥੈਲੇ ਸੀਮੀਆ ਇੱਕ ਅਜਿਹਾ ਰੋਗ ਹੈ ਜਿਸ ਵਿੱਚ ਮਰੀਜ਼ ਦਾ ਖੂਨ ਨਹੀਂ ਬਣਦਾ ਅਤੇ ਉਸਨੂੰ ਵਾਰ ਵਾਰ ਖੂਨ ਚੜਾਉਣਾ ਪੈਂਦਾ ਹੈ, ਪਰ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਥੈਲੇਸੀਮੀਆ ਦੇ ਬੱਚੇ 12 ਸਾਲ ਤੋਂ ਛੋਟੇ ਹਨ, ਉਨ੍ਹਾਂ ਦੇ ਇਲਾਜ ਲਈ ਕੋਲ ਇੰਡੀਆ ਵੱਲੋਂ 10 ਲੱਖ ਰੁਪਏ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਵਿੱਚੋਂ 3 ਲੱਖ ਰੁਪਏ ਅਤੇ ਐਨਜੀਓ ਦੇ ਸਹਿਯੋਗ ਨਾਲ 3 ਲੱਖ ਰੁਪਏ ਦਿੱਤੇ ਜਾਂਦੇ ਹਨ ਕੁੱਲ ਮਿਲਾ ਕੇ 16 ਲੱਖ ਰੁਪਏ ਉਹਨਾਂ ਦੇ ਇਲਾਜ ਵਾਸਤੇ ਦਿੱਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਇਲਾਜ ਫੋਰਟੀਜ ਹਸਪਤਾਲ ਗੁੜਗਾਵਾਂ ਵਿਖੇ ਕੀਤਾ ਜਾਂਦਾ ਹੈ ਇਸ ਵਿੱਚ ਮਰੀਜ਼ ਦਾ ਬੋਨ ਮੈਰੋ ਟਰਾਂਸਪਲੇਸ਼ਨ ਕੀਤੀ ਜਾਂਦੀ ਹੈ, ਜਿਸ ਵਿੱਚ ਮਰੀਜ਼ ਦਾ ਇੱਕ ਐਚਐਲਏ ਟੈਸਟ ਕੀਤਾ ਜਾਂਦਾ ਹੈ ਉਸ ਦੀ ਕਰੋਸ ਮੈਚਿੰਗ ਕੀਤੀ ਜਾਂਦੀ ਹੈ ਜੇ ਡੋਨਰ ਦਾ ਕਰੋਸ ਮੈਚ ਮਿਲ ਜਾਵੇ ਤਾਂ ਉਸ ਮਰੀਜ਼ ਨੂੰ ਹਸਪਤਾਲ ਵਿੱਚ 21 ਦਿਨਾਂ ਲਈ ਦਾਖਲ ਰਹਿਣਾ ਪੈਂਦਾ ਹੈ ਜਿਸ ਵਿੱਚ ਕਿ ਡੋਨਰ ਨੂੰ ਸਿਰਫ ਇੱਕ ਦਿਨ ਵਾਸਤੇ ਹੀ ਉਥੇ ਦਾਖਲ ਕੀਤਾ ਜਾਂਦਾ ਹੈ। ਜਿਹੜੇ ਥੈਲੇਸੀਮੀਆ ਦੇ ਮਰੀਜ਼ 12 ਸਾਲ ਤੋਂ ਵੱਧ ਉਮਰ ਦੇ ਨੇ ਉਨ੍ਹਾਂ ਨੂੰ ਕੋਲ ਇੰਡੀਆ ਵੱਲੋਂ 10 ਲੱਖ ਦੀ ਮਦਦ ਨਹੀਂ ਕੀਤੀ ਜਾਂਦੀ ਤੇ ਉਨ੍ਹਾਂ ਨੂੰ ਸਿਰਫ 6 ਲੱਖ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਦਾ ਸਿਵਲ ਹਸਪਤਾਲ ਰੂਪਨਗਰ ਵਿਖੇ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਹਰ ਇੱਕ ਮਰੀਜ਼ ਦੀ ਪੂਰੀ ਸੰਭਾਲ ਕੀਤੀ ਜਾਵੇਗੀ ਤੇ ਸਿਹਤ ਸੁਵਿਧਾਵਾਂ ਲੈਣ ਵਿੱਚ ਮਰੀਜ਼ ਦੀ ਮਦਦ ਕੀਤੀ ਜਾਵੇਗੀ।
ਇਸ ਕੈਂਪ ਦੌਰਾਨ ਆਏ ਹੋਏ ਮਰੀਜ਼ਾਂ ਦੇ ਮੁਫਤ ਐਚ ਐਲ ਏ ਟੈਸਟ ਵੀ ਕੀਤੇ ਗਏ। ਇਸ ਮੌਕੇ ਬੱਚਿਆਂ ਦੇ ਮਾਹਰ ਡਾ. ਗੁਰਸੇਵਕ ਸਿੰਘ ਅਤੇ ਜੰਮੂ ਕਸ਼ਮੀਰ ਤੋਂ ਡਾ. ਪਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਰੂਪਨਗਰ ਡਾ. ਉਪਿੰਦਰ ਸਿੰਘ, ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਰਵਿੰਦਰ ਸਿੰਘ ਅਤੇ ਐਨਜੀਓ ਦਾਤਰ ਤੋਂ ਮੈਡਮ ਅਨੁਰਾਧਾ ਹਾਜਰ ਸਨ।