ਦਿਵਿਆਂਗਜਨਾਂ ਦੇ “ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” ਬਣਾਉਣ ਲਈ ਲਗਾਏ ਗਏ ਵਿਸ਼ੇਸ ਕੈਂਪ ਦਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕੀਤਾ ਉਦਘਾਟਨ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਯੋਗ ਲਾਭਪਾਤਰੀਆਂ ਨੂੰ ਮੌਕੇ ‘ਤੇ ਹੀ ਦਿੱਤੇ ਗਏ “ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” 
ਤਰਨ ਤਾਰਨ, 21 ਨਵੰਬਰ :
ਜ਼ਿਲ੍ਹੇ ਵਿੱਚ ਦਿਵਿਆਂਗਜਨਾਂ ਦੇ “ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” (ਯੂ. ਡੀ. ਆਈ. ਡੀ.) ਬਣਾਉਣ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਗਿਆ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਏ ਇਸ ਕੈਂਪ ਦਾ ਉਦਘਾਟਨ ਅੱਜ ਸਵੇਰੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਵੱਲੋਂ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਅਨੂਪ ਕੁਮਾਰ, ਐੱਸ. ਐੱਮ. ਓ. ਡਾ. ਰੋਹਿਤ ਮਹਿਤਾ, ਡਾ. ਜੁਗਲ ਕਿਸ਼ੋਰ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਨਪ੍ਰੀਤ ਸਿੰਘ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਕਿਰਤਪ੍ਰੀਤ ਕੌਰ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਇਸ ਮੌਕੇ ਸਮਰਪਣ ਸੇਵਾ ਸੋਸਾਇਟੀ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਗਿਆ।
ਅੱਜ ਦੇ ਕੈਂਪ ਦੌਰਾਨ ਵਿਸ਼ੇਸ ਤੌਰ ‘ਤੇ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਯੋਗ ਲਾਭਪਾਤਰੀਆਂ ਨੂੰ ਮੌਕੇ ‘ਤੇ ਹੀ “ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” ਦਿੱਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਕੁੱਲ 275 ਲਾਭਪਾਤਰੀਆਂ ਵੱਲੋਂ “ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” ਲਈ ਅਪਲਾਈ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚੋਂ 15 ਲਾਭਪਾਤਰੀਆਂ ਨੂੰ ਮੌਕੇ ‘ਤੇ ਹੀ ਕਾਰਡ ਬਣਾ ਕੇ ਦਿੱਤੇ ਗਏ ਅਤੇ ਬਾਕੀ 260 ਲਾਭਪਾਤਰੀਆਂ ਦੇ ਕਾਰਡ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਇੱਕ ਹਫ਼ਤੇ ਵਿੱਚ ਉਹਨਾਂ ਨੂੰ ਕਾਰਡ ਮੁਹੱਈਆ ਕਰਵਾਏ ਜਾਣਗੇ।
ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਜਿੰਨ੍ਹਾਂ ਦਿਵਿਆਂਗਜਨਾਂ ਦੇ ਅਜੇ ਤੱਕ “ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” (ਯੂ. ਡੀ. ਆਈ. ਡੀ.) ਨਹੀਂ ਬਣੇ, ਉਹਨਾਂ ਦੇ ਕਾਰਡ ਬਣਾਉਣ ਲਈ ਇਸ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਯੂ. ਡੀ. ਆਈ. ਡੀ. ਕਾਰਡ ਅਨੇਕਾਂ ਲਾਭ ਲੈਣ ਲਈ ਦਿਵਿਆਂਗਜਨਾਂ ਦੀ ਪਛਾਣ ਅਤੇ ਤਸਦੀਕ ਕਰਨ ਦਾ ਇੱਕੋ ਇੱਕ ਦਸਤਾਵੇਜ਼ ਹੈ।ਯੂ. ਡੀ. ਆਈ. ਡੀ. ਕਾਰਡ ਰਾਸ਼ਟਰੀ ਪੱਧਰ ‘ਤੇ ਲਾਭਪਾਤਰੀਆਂ ਦੀ ਸਰੀਰਕ ਅਤੇ ਵਿੱਤੀ ਪ੍ਰਗਤੀ ਦੀ ਨਜ਼ਰਸਾਨੀ ਕਰਨ ਵਿੱਚ ਸਹਾਇਤਾ ਕਰਦਾ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਯੂ. ਡੀ. ਆਈ. ਡੀ. ਪ੍ਰੋਜੈਕਟ ਅਧੀਨ ਬਲਾਕ ਪੱਧਰ ‘ਤੇ ਹੋਰ ਵੀ ਵਿਸ਼ੇਸ ਕੈਂਪ ਆਯੋਜਿਤ ਕੀਤੇ ਜਾਣਗੇ।ਉਹਨਾਂ ਕਿਹਾ ਕਿ ਦਿਵਿਆਂਗ ਵਿਅਕਤੀ ਵੈੱਬਸਾਈਟ ‘ਤੇ ਜਾ ਕੇ ਜਾਂ ਪਿੰਡਾਂ ਦੇ ਸੇਵਾ ਕੇਂਦਰ, ਸੁਵਿਧਾ ਕੇਂਦਰ ਰਾਹੀਂ ਵੀ ਇਹ ਕਾਰਡ ਬਣਾਉਣ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਦਫ਼ਤਰ ਸਿਵਲ ਸਰਜਨ ਤਰਨ ਤਾਰਨ ਜਾਂ ਦਫ਼ਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।