ਦੇਸ਼ ਖਾਤਰ ਸ਼ਹੀਦ ਹੋਏ ਜਵਾਨਾਂ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ: ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਦੇਸ਼ ਖਾਤਰ ਸ਼ਹੀਦ ਹੋਏ ਜਵਾਨਾਂ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ: ਡਿਪਟੀ ਕਮਿਸ਼ਨਰ

–ਪੰਜਾਬ ਪੁਲਿਸ ਨੇ ਹਮੇਸ਼ਾਂ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਦਿੱਤੀਆਂ ਵੱਡੀਆਂ ਕੁਰਬਾਨੀਆਂ, ਜ਼ਿਲ੍ਹਾ ਪੁਲੀਸ ਮੁਖੀ
–ਜ਼ਿਲ੍ਹਾ ਪੱਧਰੀ ‘ਪੁਲਿਸ ਸ਼ਹੀਦੀ ਦਿਵਸ’ ਸਮਾਗਮ

ਬਰਨਾਲਾ, 21 ਅਕਤੂਬਰ:

ਦੇਸ਼ ਦੀ ਖਾਤਰ ਸ਼ਹੀਦੀਆਂ ਦੇਣ ਵਾਲੇ ਪੁਲਿਸ ਜਵਾਨਾਂ ਬਦੌਲਤ ਹੀ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਨਾਂ ਕਰਕੇ ਹੀ ਦੇਸ਼ ਅੰਦਰ ਅਮਨ-ਸ਼ਾਂਤੀ ਤੇ ਖੁਸ਼ਹਾਲੀ ਬਰਕਰਾਰ ਹੈ।

ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਅੱਜ ਬਰਨਾਲਾ ਵਿਖੇ ਕਰਵਾਏ ਗਏ ਜ਼ਿਲਾ ਪੱਧਰੀ ‘ਪੁਲਿਸ ਸ਼ਹੀਦੀ ਦਿਵਸ’ ਨੂੰ ਸਮਰਪਿਤ ਸਮਾਗਮ ਦੌਰਾਨ ਕੀਤਾ।

ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੰਦੀਪ ਮਲਿਕ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਗੌਰਵਮਈ ਅਤੇ ਸ਼ਾਨਾਮੱਤਾ ਹੈ, ਜਿਸ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਹਮੇਸ਼ਾ   ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਦ ਅਤਿਵਾਦ ਦਾ ਕਾਲਾ ਦੌਰ ਚੱਲ ਰਿਹਾ ਸੀ ਤਾਂ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਨੇ ਸ਼ਹਦਾਤਾਂ ਦਾ ਜਾਮ ਪੀ ਕੇ ਦੇਸ਼ ਅੰਦਰ ਅਮਨ-ਸ਼ਾਂਤੀ ਕਾਇਮ ਰੱਖੀ।

ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਵਿਚ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸ਼ਹੀਦ ਹੋਏ ਪਰਿਵਾਰਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਈਏ ਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੀਏ। ਆਪਣੀ ਡਿਊਟੀ ਨੇਕ ਨੀਅਤੀ, ਪੂਰੀ ਮਿਹਨਤ , ਲਗਨ ਤੇ ਤਨਦੇਹੀ ਨਾਲ ਨਿਭਾਈਏ।

ਉਨ੍ਹਾਂ 21 ਅਕਤੂਬਰ ਦਿਨ ਦਾ ਇਤਿਹਾਸ ਦੱਸਦਿਆਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪਰਿੰਗ ਖੇਤਰ ਵਿਚ ਸੀ.ਆਰ.ਪੀ.ਐਫ ਤੇ ਇਨਟੈਲੀਜੈੰਸ ਬਿਊਰੋ ਦੀ ਸਾਂਝੀ ਪੈਟਰੋਲਿੰਗ ਪਾਰਟੀ ਭਾਰਤ-ਚੀਨ ਦੀ ਸਰਹੱਦ ‘ਤੇ ਗਸ਼ਤ ਕਰ ਰਹੀ ਸੀ ਤੇ ਇਸ ਪਾਰਟੀ ਵਿਚ ਕਰੀਬ 10 ਜਵਾਨ ਸ਼ਾਮਿਲ ਸਨ ਤੇ ਚੀਨੀ ਫੌਜਾਂ ਨੇ ਹਮਲਾ ਕਰ ਦਿੱਤਾ, ਪਰ ਜਵਾਨਾਂ ਨੇ ਬਹੁਤ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਤੇ ਉਨ੍ਹਾਂ ਨੂੰ ਆਪਣੀ ਮਾਤਰ ਭੂਮੀ ਵਿਚ ਦਾਖਲ ਨਹੀਂ ਹੋਣ ਦਿੱਤਾ। ਉਸੇ ਦਿਨ ਦੀ ਯਾਦ ਵਿਚ ਪੂਰੇ ਭਾਰਤ ਵਿਚ  ‘ਪੁਲਿਸ ਸ਼ਹੀਦੀ ਦਿਵਸ’ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 1960 ਵਿਚ ਕੀਤੀ ਗਈ।

ਇਸ ਮੌਕੇ ਸੋਗ ਪ੍ਰੇਡ ਦੀ ਕਮਾਂਡ ਮਾਨਵਜੀਤ ਸਿੰਘ ਸਿੱਧੂ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਡੀ) ਬਰਨਾਲਾ ਵੱਲੋਂ ਕੀਤੀ ਗਈ। ਇਸ ਮੌਕੇ ਸ੍ਰੀ ਕਮਲਜੀਤ ਲਾਂਬਾ ਜ਼ਿਲ਼੍ਹਾ ਤੇ ਸ਼ੈਸ਼ਨ ਜੱਜ ਬਰਨਾਲਾ, ਐਸਐਸਪੀ ਸ੍ਰੀ ਸੰਦੀਪ ਕੁਮਾਰ ਮਲਿਕ ਤੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੇਜਰ ਸਿੰਘ, ਪੀ.ਪੀ.ਐੱਸ. ਕਪਤਾਨ ਪੁਲਿਸ (ਸਥਾਨਕ) ਬਰਨਾਲਾ, ਰਮਨੀਸ਼ ਕੁਮਾਰ, ਪੀ.ਪੀ.ਐੱਸ. ਕਪਤਾਨ ਪੁਲਿਸ (ਡੀ) ਬਰਨਾਲਾ ਤੋਂ ਇਲਾਵਾ ਸਮੂਹ ਪੁਲਿਸ ਗਜ਼ਟਿਡ ਅਧਿਕਾਰੀ, ਜ਼ਿਲ੍ਹਾ ਸਿਵਲ ਪ੍ਰਸ਼ਾਸਨ, ਜੁਡੀਸ਼ੀਅਲ ਅਧਿਕਾਰੀ, ਸਮੂਹ ਮੁੱਖ ਅਫ਼ਸਰ ਥਾਣਾ, ਇੰਚਾਰਜ ਸੀ.ਆਈ.ਏ. ਸਟਾਫ, ਬਰਨਾਲਾ, ਰਿਟਾਇਰਡ ਪੁਲਿਸ ਕਰਮਚਾਰੀ ਅਤੇ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।