ਦੇਸ਼ ਦੇ ਨੌਜਵਾਨਾਂ ਦੇ ਆਦਰਸ਼ ਹਨ ਸ਼ਹੀਦ-ਏ-ਆਜ਼ਮ ਭਗਤ ਸਿੰਘ-ਹਾਰਦਿਕ ਪਟੇਲ

Sorry, this news is not available in your requested language. Please see here.

ਵਿਧਾਇਕ ਅੰਗਦ ਸਿੰਘ ਸਮੇਤ ਖਟਕੜ ਕਲਾਂ ਦੀ ਧਰਤੀ ਨੂੰ ਕੀਤਾ ਸਿਜਦਾ 
ਬੰਗਾ/ਨਵਾਂਸ਼ਹਿਰ, 22 ਜੂਨ 2021
ਨੌਜਵਾਨ ਆਗੂ ਅਤੇ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਹਾਰਦਿਕ ਪਟੇਲ ਨੇ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨਾਂ ਦੀ ਯਾਦਗਾਰ ’ਤੇ ਸ਼ਰਧਾ ਸੁਮਨ ਅਰਪਿਤ ਕੀਤੇ ਅਤੇ ਉਨਾਂ ਦੇ ਜੱਦੀ ਘਰ ਦਾ ਦੌਰਾ ਵੀ ਕੀਤਾ। ਇਸ ਮੌਕੇ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਉਨਾਂ ਨਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸ਼ਹੀਦ-ਏ-ਆਜ਼ਮ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ਅਤੇ ਸ਼ਹੀਦ-ਏ-ਆਜ਼ਮ ਦੀ ਪ੍ਰਤਿਮਾ ਅੱਗੇ ਸ਼ਰਧਾ ਸੁਮਨ ਅਰਪਿਤ ਕਰਨ ਤੋਂ ਬਾਅਦ ਉਨਾਂ ਆਖਿਆ ਕਿ ਉਹ ਬਹੁਤ ਖੁਸ਼ਨਸੀਬ ਹਨ, ਜਿਨਾਂ ਨੂੰ ਵੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਿਹਾ ਨਾਂ ਅ ਹੈ, ਜਿਸ ਨੇ ਨੌਜਵਾਨਾਂ ਵਿਚ ਕ੍ਰਾਂਤੀ ਲਿਆ ਕੇ ਦੇਸ਼ ਦੀ ਆਜ਼ਾਦੀ ਦਾ ਰਾਹ ਪੱਧਰਾ ਕੀਤਾ। ਉਨਾਂ ਕਿਹਾ ਕਿ ਉਨਾਂ ਦੀ ਕੁਰਬਾਨੀ ਸਾਡੇ ਲਈ ਪ੍ਰੇਰਣਾ ਸਰੋਤ ਹੈ ਅਤੇ ਉਹ ਅੱਜ ਵੀ ਦੇਸ਼ ਦੇ ਨੌਜਵਾਨਾਂ ਦੇ ਆਦਰਸ਼ ਹਨ। ਉਨਾਂ ਕਿਹਾ ਕਿ ਉਨਾਂ ਨੂੰ ਗੁਜਰਾਤ ਵਿਚ ਆਪਣੇ ਜੇਲ ਦੇ ਦਿਨਾਂ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਪੜਨ ਦਾ ਕਾਫੀ ਮੌਕਾ ਮਿਲਿਆ, ਪਰੰਤੂ ਅੱਜ ਇਥੇ ਪਹੁੰਚ ਕੇ ਇਕ ਅਲੱਗ ਹੀ ਅਨੁਭਵ ਹੋਇਆ, ਕਿਉਂਕਿ ਪੜਨ ਅਤੇ ਜਾ ਕੇ ਦੇਖਣ ਵਿਚ ਬਹੁਤ ਫਰਕ ਹੁੰਦਾ ਹੈ। ਉਨਾਂ ਕਿਹਾ ਕਿ ਉਹ ਪੰਜਾਬ ਵਿਚਲੀਆਂ ਇਤਿਹਾਸਕ ਅਤੇ ਵਿਰਾਸਤੀ ਥਾਵਾਂ ਦਾ ਦੌਰਾ ਕਰਨਗੇ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਅਤੇ 100 ਫੀਸਦੀ ਟੀਕਾਕਰਨ ਕਰਵਾਉਣ ਵਾਲੇ ਪਿੰਡਾਂ ਨੂੰ ਵਿਸ਼ੇਸ਼ ਗ੍ਰਾਂਟ ਦੇਣ ਦਾ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਇਸੇ ਤਰਾਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਅਤੇ ਕਿਸਾਨਾਂ ਲਈ ਵੀ ਚੰਗਾ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿਚ ਸਭਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਉਹ ਵਿਧਾਇਕ ਅੰਗਦ ਸਿੰਘ ਅਤੇ ਹੋਰਨਾਂ ਸਾਥੀਆਂ ਸਮੇਤ ਸ੍ਰੀ ਹਰਮੰਦਿਰ ਸਾਹਿਬ ਵਿਖੇ ਵੀ ਨਤਮਸਤਕ ਹੋਏ। ਇਸ ਮੌਕੇ ਅੰਗਰੇਜ ਸਿੰਘ ਫ਼ਿਰੋਜ਼ਪੁਰ, ਸਾਨਿਲ ਅਗਰਵਾਲ ਪਾਣੀਪਤ, ਬਨੀਤ ਸਿੰਘ ਰਾਣਾ, ਡੀ. ਐਸ. ਪੀ ਸਵਿੰਦਰ ਪਾਲ ਸਿੰਘ, ਐਸ. ਐਚ. ਓ ਬਖਸ਼ੀਸ਼ ਸਿੰਘ ਅਤੇ ਹੋਰ ਹਾਜ਼ਰ ਸਨ। ਖਟਕੜ ਕਲਾਂ ਦੀ ਧਰਤੀ ਨੂੰ ਨਮਨ ਕਰਨ ਮੌਕੇ ਨੌਜਵਾਨ ਆਗੂ ਹਾਰਦਿਕ ਪਟੇਲ। ਨਾਲ ਹਨ ਵਿਧਾਇਕ ਅੰਗਦ ਸਿੰਘ ਅਤੇ ਹੋਰ।