ਨਵਜੋਤ ਸਿੰਘ ਸਿੱਧੂ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਧਰਤੀ ’ਤੇ ਹੋਣਗੇ ਨਤਮਸਤਕ-ਵਿਧਾਇਕ ਅੰਗਦ ਸਿੰਘ

Sorry, this news is not available in your requested language. Please see here.

ਅਹਿਮ ਜਿੰਮੇਵਾਰੀ ਸੌਂਪਣ ’ਤੇ ਹਾਈਕਮਾਨ ਦਾ ਕੀਤਾ ਧੰਨਵਾਦ
ਨਵਾਂਸ਼ਹਿਰ, 19 ਜੁਲਾਈ 2021
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਭਲਕੇ 20 ਜੁਲਾਈ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਜ਼ਿਲੇ ਸ਼ਹੀਦ ਭਗਤ ਸਿੰਘ ਨਗਰ ਪਹੁੰਚ ਰਹੇ ਹਨ। ਇਸ ਦੌਰਾਨ ਉਹ ਸਵੇਰੇ 9.30 ਵਜੇ ਸ਼ਹੀਦ-ਏ-ਆਜ਼ਮ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਨਤਮਸਤਕ ਹੋਣਗੇ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਦੱਸਿਆ ਕਿ ਸ. ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਪਾਰਟੀ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਵਿਚ ਭਾਰੀ ਉਤਸ਼ਾਹ ਪੈਦਾ ਹੋਇਆ ਹੈ। ਸ. ਸਿੱਧੂ ਨੂੰ ਇਹ ਅਹਿਮ ਜਿੰਮੇਵਾਰੀ ਸੌਂਪਣ ’ਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਿਆਂ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਉਨਾਂ ਨੂੰ ਪੂਰੀ ਉਮੀਦ ਹੈ ਕਿ ਸ. ਨਵਜੋਤ ਸਿੰਘ ਸਿੱਧੂ ਆਪਣੀ ਸੂਝ-ਬੂਝ ਅਤੇ ਵਿਲੱਖਣ ਕਾਰਜਸ਼ੈਲੀ ਨਾਲ ਸਭਨਾਂ ਨੂੰ ਨਾਲ ਲੈ ਕੇ ਚੱਲਦਿਆਂ ਪਾਰਟੀ ਨੂੰ ਬੁਲੰਦੀਆਂ ’ਤੇ ਪਹੁੰਚਾਉਣਗੇ ਅਤੇ ਪੰਜਾਬ ਦੇ ਸਾਰੇ ਮਹੱਤਵਪੂਰਨ ਮੁੱਦਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨਗੇ। ਉਨਾਂ ਕਿਹਾ ਕਿ ਸ. ਸਿੱਧੂ ਦਾ ਨੌਜਵਾਨਾਂ ਵਿਚ ਬੇਹੱਦ ਕਰੇਜ ਹੈ ਅਤੇ ਉਨਾਂ ਨੂੰ ਪ੍ਰਧਾਨਗੀ ਦਾ ਮਾਣ ਪ੍ਰਾਪਤ ਹੋਣ ਨਾਲ ਖਾਸ ਕਰਕੇ ਪੰਜਾਬ ਦਾ ਨੌਜਵਾਨ ਵਰਗ ਬਾਗੋਬਾਗ ਹੈ। ਉਨਾਂ ਕਿਹਾ ਕਿ ਇਸ ਨਿਯੁਕਤੀ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਮੁੜ ਸ਼ਾਨਦਾਰ ਜਿੱਤ ਦਾ ਰਾਹ ਪੱਧਰਾ ਹੋਇਆ ਹੈ।
ਫੋਟੋ :ਵਿਧਾਇਕ ਅੰਗਦ ਸਿੰਘ।