ਨਵਜੋਤ ਸਿੰਘ ਸਿੱਧੂ ਨੇ ਖਟਕੜ ਕਲਾਂ ਵਿਖੇ ਸ਼ਰਧਾ ਸੁਮਨ ਕੀਤੇ ਅਰਪਿਤ

Sorry, this news is not available in your requested language. Please see here.

ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇ ਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਭਾਗੀਦਾਰ ਬਣਨ ਦਾ ਦਿੱਤਾ ਸੱਦਾ
ਵਿਧਾਇਕ ਅੰਗਦ ਸਿੰਘ ਦੀ ਅਗਵਾਈ ਵਿਚ ਵਰਕਰਾਂ ਦੇ ਭਰਵੇਂ ਇਕੱਠ ਵੱਲੋਂ ਸ਼ਾਨਦਾਰ ਸਵਾਗਤ
ਬੰਗਾ/ਨਵਾਂਸ਼ਹਿਰ, 20 ਜੁਲਾਈ 2021
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਪ੍ਰਤਿਮਾ ਅਤੇ ਉਨਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਪੁਸ਼ਪ ਅਰਪਣ ਕੀਤੇ। ਇਸ ਮੌਕੇ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਦੇ ਸੱਦੇ ’ਤੇ ਭਾਰੀ ਬਾਰਿਸ਼ ਦੇ ਬਾਵਜੂਦ ਹਾਜ਼ਰ ਹੋਏ ਵਰਕਰਾਂ ਦੇ ਭਰਵੇਂ ਇਕੱਠ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਉਹ ਅੱਜ ਇਥੇ ਦੇਸ਼-ਕੌਮ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਤੋਂ ਸੇਧ ਲੈਣ ਆਏ ਹਨ। ਉਨਾਂ ਸਮੂਹ ਪੰਜਾਬੀਆਂ ਨੂੰ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇ ਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਭਾਗੀਦਾਰ ਬਣਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਸਾਡੇ ਲਈ ਸਾਡੀ ਮਾਤ ਭੂਮੀ ਪੰਜਾਬ ਸਭ ਤੋਂ ਉੱਪਰ ਹੈ ਅਤੇ ਇਸ ਦੀ ਤਰੱਕੀ ਲਈ ਸਾਰਿਆਂ ਨੂੰ ਨਿਰਸਵਾਰਥ ਭਾਵਨਾ ਨਾਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਾਈਕਮਾਨ ਵੱਲੋਂ ਦਿੱਤਾ 18 ਨੁਕਾਤੀ ਪ੍ਰੋਗਰਾਮ ਪੰਜਾਬ ਦੇ ਵਿਕਾਸ ਦਾ ਜ਼ਰੀਆ ਬਣੇਗਾ, ਜਿਸ ਵਿਚ ਹਰੇਕ ਪੰਜਾਬੀ ਨੂੰ ਹਿੱਸੇਦਾਰ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਹਾਈਕਮਾਨ ਵੱਲੋਂ ਉਨਾਂ ’ਤੇ ਜਿਹੜਾ ਭਰੋਸਾ ਜਤਾਇਆ ਗਿਆ ਹੈ, ਉਹ ਉਸ ’ਤੇ ਖ਼ਰਾ ਉਤਰਨ ਲਈ ਪੂਰੀ ਵਾਹ ਲਾਉਣਗੇ।
ਇਸ ਮੌਕੇ ਪੰਜਾਬ ਕਾਂਗਰਸ ਦੇ ਐਕਟਿੰਗ ਪ੍ਰਧਾਨ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਤੇ ਚੌਧਰੀ ਮੋਹਨ ਲਾਲ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਕੈਪਸ਼ਨ :ਖਟਕੜ ਕਲਾਂ ਵਿਖੇ ਸ਼ਰਧਾ ਸੁਮਨ ਅਰਪਿਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ।
ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸ਼ਾਨਦਾਰ ਸਵਾਗਤ ਦਾ ਦਿ੍ਰਸ਼।