ਅੰਮ੍ਰਿਤਸਰ 16 ਅਗਸਤ 2021
ਨਾਰੀ ਸ਼ਕਤੀ ਜਾਗਰਣ ਸਮਿਤੀ ਅੰਮ੍ਰਿਤਸਰ ਵਲੋਂ ਪਿੰਡ ਮਾਨਾਂਵਾਲਾ ਵਿਖੇ ਤੀਜ ਦਾ ਤਿਊਹਾਰ ਮਨਾਇਆ ਗਿਆ। ਇਹ ਸਮਾਗਮ ਭਰੂਣ ਹਤਿਆ ਰੋਕਣ ਦੇ ਸੰਕਲਪ ਹੇਤੂ ਮਨਾਇਆ ਗਿਆ। ਪ੍ਰੋਗਰਾਮ ਦੇ ਮੁੱਖ ਬੁਲਾਰੇ ਨੀਰਜਾ ਭਾਰਤੀ ਵਲੋਂ ਤੀਜ ਦਾ ਸਮਾਜਿਕ ਪਹਿਲੂ ਸਮਝਾਂਉਂਦੇ ਹੋਏ ਦੱਸਿਆ ਕਿ ਪੁਰਾਣੇ ਸਮਿਆਂ ਵਿੱਚ ਕਿਉਂਕਿ ਸੰਚਾਰ ਮਾਧਿਅਮ ਨਾ ਹੋਣ ਕਰਕੇ ਜਦੋਂ ਨਵਵਿਆਹੀਆਂ ਆਪਣਾ ਪਹਿਲਾ ਸਾਵਣ ਪੇਕੇ ਘਰ ਮਨਾਉਣ ਆਉਂਦੀਆਂ ਸਨ ਤਾਂ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ, ਪੀਘਾਂ ਝੂਟਦੀਆਂ ਤੇ ਪੂਰਾ ਹਾਰ ਸ਼ਿੰਗਾਰ ਕਰਦੀਆਂ ਹਨ। ਇਸੇ ਤਰ੍ਹਾਂ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿਖੇ ਸਾਵਣ ਦੇ ਸਾਰੇ ਐਤਵਾਰਾਂ ਨੂੰ ਨਵਵਿਆਹੀਆਂ ਆਪਣੇ ਪਤੀ ਤੇ ਸਹੁਰੇ ਪਰਿਵਾਰ ਨਾਲ ਫੁੱਲਾਂ ਦਾ ਸ਼ਿੰਗਾਰ ਕਰਕੇ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਪੂਜਾ ਕਰਦੀਆਂ ਹਨ। ਨੀਰਜਾ ਭਾਰਤੀ ਵਲੋਂ ਇਸ ਤਿਉਹਾਰ ਦਾ ਅਧਿਆਤਮਿਕ ਮਹੱਤਵ ਸਮਝਾਉਂਦੇ ਹੋਏ ਦੱਸਿਆ ਕਿ ਸ਼ਾਸਤਰਾਂ ਅਨੁਸਾਰ ਇਹ ਦਿਨ ਸ਼ਿਵ ਭਗਵਾਨ ਤੇ ਮਾਤਾ ਪਾਰਵਤੀ ਦੇ ਪੂਨਰਮਿਲਨ ਦਾ ਦਿਨ ਹੈ ਅਤੇ ਸੁਹਾਗਣਾ ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਕੇ ਆਪਣੇ ਪਤੀ ਦੀ ਲੰਮੀ ਉਮਰ ਦੀ ਅਰਦਾਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਮਾਹੌਲ ਵਿੱਚ ਜ਼ਰੂਰਤ ਹੈ ਕਿ ਹਰ ਲੜਕੀ ਅਤੇ ਔਰਤ ਆਪਣੇ ਆਪ ਨੂੰ ਪ੍ਰਮਾਤਮਾ ਦੀ ਸੱਚੀ ਭਗਤੀ ਨਾਲ ਜੋਡੇ ਤੇ ਆਪਣੀ ਆਤਮਾ ਦਾ ਵਿਕਾਸ ਕਰੇ, ਆਪਣੇ ਆਚਰਣ ਨੂੰ ਉੱਚਾ ਬਣਾਏ ਤਾਂ ਜੋ ਆਉਣ ਵਾਲੀਆਂ ਪੀੜੀਆਂ ਦਾ ਵੀ ਆਤਮਿਕ ਵਿਕਾਸ ਹੋਵੇ ਤੇ ਵਿਸ਼ਵ ਵਿੱਚ ਸ਼ਾਂਤੀ ਸਥਾਪਿਤ ਹੋਵੇ। ਪ੍ਰੋਗਰਾਮ ਦੇ ਅਗਲੇ ਬੁਲਾਰੇ ਮੈਡਮ ਤਣੂਜਾ ਗੋਇਲ ਨੇ ਦੱਸਿਆ ਕਿ ਸਰਕਾਰ ਤੇ ਸਮਾਜ ਦੇ ਯਤਨਾਂ ਸਦਕਾ ਪੰਜਾਬ ਦਾ ਸੈਕਸ ਰੇਸ਼ੋ 936 ਹੋ ਗਿਆ ਹੈ ਅਤੇ ਅਸੀਂ ਇਸ ਰੇਸ਼ੋ ਨੂੰ ਪੂਰਾ 1000 ਤੱਕ ਲਿਆਉਣ ਲਈ ਹੰਭਲਾ ਮਾਰਨਾ ਹੈ। ਪ੍ਰੋਗਰਾਮ ਵਿੱਚ ਬੱਚਿਆਂ ਨੇ ਕਵਿਤਾਵਾਂ, ਗੀਤ ਤੇ ਗਿੱਧੇ ਪੇਸ਼ ਕੀਤੇ। ਅੰਤ ਵਿੱਚ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬਚਿਆਂ ਨੂੰ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਵਿੱਚ ਗੁਰਪ੍ਰਤੀ ਕੌਰ, ਗਰਿਮਾ, ਨਿਸ਼ੀ, ਕਵਲਜੀਤ, ਤਨੂਜਾ ਗੋਇਲ, ਮੀਨਾ ਦੇਵੀ, ਜੋਤੀ ਸਲਵਾਨ ਅਤੇ ਮਨਪ੍ਰੀਤ ਗਿਲ ਤੇ ਡਾਕਟਰ ਗੁਰਪ੍ਰੀਤ ਤੋਂ ਇਲਾਵਾ ਲਗਭਗ 250 ਔਰਤਾਂ ਨੇ ਹਿੱਸਾ ਲਿਆ ਆਏ ਹੋਏ ਮਹਿਮਾਨਾਂ ਨੂੰ ਖੀਰ ਤੇ ਪੂੜੇ ਖਵਾਏ ਗਏ।

हिंदी






