ਨਿਰਸੰਕੋਚ ਕਰਵਾਓ ਕੋਵਿਡ ਟੈਸਟ, ਬਿਮਾਰੀ ਦਾ ਜਲਦੀ ਪਤਾ ਲੱਗਣ ਤੇ ਬਚਦੀਆਂ ਹਨ ਜਾਨਾਂ – ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਜ਼ਿਲਾ ਲੋਕ ਸੰਪਰਕ ਦਫ਼ਤਰ, ਬਟਾਲਾ
ਬਟਾਲਾ, 12 ਮਈ , 2021  ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਦੇ ਲੱਛਣ ਵਿਖਾਈ ਦੇਣ ਤੇ ਇਸ ਦਾ ਟੈਸਟ ਜਰੂਰ ਕਰਵਾਉਣ। ਉਨਾਂ ਨੇ ਕਿਹਾ ਹੈ ਕਿ ਡਾਕਟਰੀ ਰਿਪੋਰਟਾਂ ਅਨੁਸਾਰ ਪਾਇਆ ਗਿਆ ਹੈ ਕਿ ਜੇਰਕ ਬਿਮਾਰੀ ਦਾ ਜਲਦੀ ਪਤਾ ਲੱਗ ਜਾਵੇ ਅਤੇ ਅਗੇਤਾ ਇਲਾਜ ਸ਼ੁਰੂ ਹੋ ਜਾਵੇ ਤਾਂ ਇਸ ਬਿਮਾਰੀ ਤੇ ਸਹਿਜੇ ਹੀ ਕਾਬੂ ਪਾਇਆ ਜਾ ਸਕਦਾ ਹੈ ਅਤੇ ਅਨਮੋਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨਾਂ ਨੂੰ ਕਰੋਨਾ ਦੇ ਲੱਛਣ ਹਨ ਜਾਂ ਉਹ ਕਿਸੇ ਕਰੋਨਾ ਪੀੜਤ ਦੇ ਸੰਪਰਕ ਵਿਚ ਆਏ ਹਨ ਜਾਂ ਉਹ ਪਿਛਲੇ ਦਿਨੀ ਕਿਸੇ ਵੱਡੀ ਭੀੜ-ਭਾੜ ਵਾਲੀ ਥਾਂ ਤੇ ਗਏ ਹਨ ਤਾਂ ਉਹ ਆਪਣਾ ਟੈਸਟ ਜਰੂਰ ਕਰਵਾਉਣ। ਉਨਾਂ ਨੇ ਇਹ ਵੀ ਕਿਹਾ ਹੈ ਕਿ ਟੈਸਟ ਕਰਵਾ ਕੇ ਜਦ ਤੱਕ ਨਤੀਜਾ ਨਾ ਆਵੇ ਇਕਾਂਤਵਾਸ ਵਿਚ ਰਿਹਾ ਜਾਵੇ ਅਤੇ ਆਪਣੇ ਘਰ ਦੇ ਅੰਦਰ ਹੀ ਆਪਣੇ ਪਰਿਵਾਰ ਤੋਂ ਅੱਲਗ ਰਹੋ। ਉਨਾਂ ਨੇ ਕਿਹਾ ਕਿ ਇਸ ਤਰਾਂ ਜੇਕਰ ਕਿਸੇ ਨੂੰ ਬਿਮਾਰੀ ਹੋਵੇ ਤਾਂ ਉਸਦੀ ਲਾਗ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਲੱਗਣ ਤੋਂ ਰੋਕੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਇਹ ਟੈਸਟ ਬਿਲਕੁੱਲ ਮੁਫ਼ਤ ਹੁੰਦਾ ਹੈ। ਉਨਾਂ ਨੇ ਕਿਹਾ ਕਿ ਖੰਘ, ਜੁਕਾਰ, ਬੁਖਾਰ, ਸਿਰਦਰਦ ਜਾਂ ਬਦਨਦਰਦ, ਸਾਹ ਲੈਣ ਵਿਚ ਤਕਲੀਫ ਆਦਿ ਕਰੋਨਾ ਦੇ ਲੱਛਣ ਹਨ। ਉਨਾਂ ਕਿਹਾ ਕਿ ਲੋਕ ਕੋਰੋਨਾ ਤੋਂ ਬਚਣ ਲਈ ਮਾਸਕ ਲਗਾ ਕੇ ਰੱਖਣ, ਦੋ ਗਜ ਦੀ ਦੂਰੀ ਰੱਖਣ, ਵਾਰ ਵਾਰ ਹੱਥ ਧੋਣ, ਘਰ ਦੇ ਅੰਦਰ ਰਹਿਣ, ਭੀੜਭਾੜ ਵਾਲੀਆਂ ਥਾਂਵਾਂ ’ਤੇ ਨਾ ਜਾਣ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ।