15ਵੇਂ ਨੈਸ਼ਨਲ ਵੋਟਰ ਦਿਵਸ ਮੌਕੇ ਬੀ.ਬੀ.ਕੇ.ਡੀ.ਏ.ਵੀ. ਕਾਲਜ ਵਿਖੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ
ਸਮੂਹ ਨਾਗਰਿਕਾਂ ਨੂੰ ਬਿਨਾਂ ਕਿਸੇ ਲਾਲਚ ਤੇ ਬਿਨਾਂ ਪ੍ਰਭਾਵ ਤੋਂ ਵੋਟ ਪਾਉਣ ਦੀ ਚੁਕਾਈ ਗਈ ਸਹੁੰ
18-19 ਸਾਲ ਦੇ ਨੌਜਵਾਨਾਂ ਦੀਆਂ ਵੱਧ ਵੋਟਾਂ ਬਣਾਉਣ ਵਾਲੇ ਅਧਿਕਾਰੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ , 25 ਜਨਵਰੀ 2025
ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਇਸ ਲਈ ਹੈ ਕਿਉਂਕਿ ਇਸ ਦੇ ਸਾਰੇ ਯੋਗ ਨਾਗਰਿਕ ਆਪਣੀ ਵੋਟ ਦਾ ਇਸਮੇਤਾਲ ਕਰਕੇ ਲੋਕਾਂ ਵੱਲੋਂ, ਲੋਕਾਂ ਲਈ ਤੇ ਲੋਕਾਂ ਦੀ ਸਰਕਾਰ ਚੁਨਣ ਵਿੱਚ ਆਪੋ ਆਪਣਾ ਯੋਗਦਾਨ ਪਾਉਂਦੇ ਹਨ। ਵੋਟ ਬਣਵਾਉਣਾ ਤੇ ਉਸ ਦਾ ਬਿਨਾਂ ਕਿਸੇ ਲਾਲਚ ਜਾਂ ਭੇਦਭਾਵ ਤੋਂ ਇਸਤੇਮਾਲ ਕਰਨਾ ਜਿਥੇ ਸਾਡਾ ਸੰਵਿਧਾਨਕ ਹੱਕ ਹੈ ਉਥੇ ਹੀ ਵੋਟ ਦਾ ਸਹੀ ਇਸਤੇਮਾਲ ਸਾਡੀ ਸਮਾਜਿਕ ਜਿੰਮੇਵਾਰੀ ਵੀ ਬਣਦੀ ਹੈ। ਇਸ ਲਈ ਸਾਨੂੰ ਆਪਣੀ ਸਮਾਜਿਕ ਜਿੰਮੇਵਾਰੀ ਤੋਂ ਕਦੇ ਵੀ ਭੱਜਣਾ ਨਹੀਂ ਚਾਹੀਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਨੇ 15ਵੇਂ ਨੈਸ਼ਨਲ ਵੋਟਰ ਦਿਵਸ ਮੌਕੇ ਬੀ ਬੀ ਕੇ ਡੀ ਏ ਵੀ ਕਾਲਜ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸੰਵਿਧਾਨਕ ਹੱਕ ਦੀ ਇਮਾਨਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਆਪਣੇ ਸੁਫਨਿਆਂ ਦੀ ਸਰਕਾਰ ਬਣਾਈ ਜਾ ਸਕੇ।
ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਚੋਣਾਂ ਵਿੱਚ ਮਹਿਲਾਵਾਂ ਵੋਟਰ ਜਿਆਦਾ ਗਿਣਤੀ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੀਆਂ ਹਨ। ਉਨਾਂ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤਾ ਹੋਇਆ ਹੈ ਅਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਵੋਟ ਪਾਉਣ ਦੇ ਹੱਕ ਨੂੰ ਜ਼ਰੂਰ ਪੂਰਾ ਕਰੀਏ। ਉਨਾਂ ਕਿਹਾ ਕਿ ਅਕਸਰ ਸਾਡੀ ਨੌਜਵਾਨ ਪੀੜ੍ਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਅਵੇਸਲੀ ਹੋ ਜਾਂਦੀ ਹੈ, ਜੋ ਕਿ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ । ਉਨ੍ਹਾਂ ਕਿਹਾ ਕਿ ਨੌਜਵਾਨ ਜੋ ਕਿ ਸਾਡੇ ਦੇਸ਼ ਦਾ ਭਵਿੱਖ ਹਨ ਨੂੰ ਆਪਣੀ ਵੋਟ ਬਣਵਾ ਕੇ ਉਸ ਦਾ ਸਹੀ ਇਸਤੇਮਾਲ ਕਰਕੇ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਜਰੂਰ ਨਿਭਾਉਣਾ ਚਾਹੀਦਾ ਹੈ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਜਬੂਤ ਲੋਕਤੰਤਰ ਪ੍ਰਣਾਲੀ ਸੌਂਪੀ ਜਾ ਸਕੇ। ਉਨ੍ਹਾਂ ਕਿਹਾ ਕਿ ਤਕਨਾਲੌਜੀ ਦੇ ਵਿਕਾਸ ਨਾਲ ਚੋਣ ਪ੍ਰਕ੍ਰਿਆ ਪਹਿਲਾਂ ਨਾਲੋਂ ਬਹੁਤ ਪਾਰਦਰਸ਼ੀ ਅਤੇ ਸੁਖਾਲੀ ਹੋਈ ਹੈ।
ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਸਮੂਹ ਵੋਟਰਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੋਣਾਂ ਦੇ ਮਾਣ ਨੂੰ ਬਰਕਰਾਰ ਰੱਖਦੇ ਹੋਏ, ਨਿਡਰ ਹੋ ਕੇ ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਹੋਰ ਕਿਸੇ ਲਾਲਚ ਦੇ ਪ੍ਰਭਾਵ ਤੋਂ ਆਪਣੀ ਵੋਟ ਦੇ ਇਸਤੇਮਾਲ ਦੀ ਵਰਤੋਂ ਕਰਨ ਦਾ ਪ੍ਰਣ ਵੀ ਦਿਵਾਇਆ। ਇਸ ਮੌਕੇ 18-19 ਸਾਲ ਦੇ ਨੌਜਵਾਨਾਂ ਦੀਆਂ ਸਭ ਤੋਂ ਵੱਧ ਵੋਟਾਂ ਬਣਾਉਣ ਵਾਲੇ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਸ੍ਰੀ ਵਰਿੰਦਰ ਸ਼ਰਮਾ ਚੋਣ ਕਾਨੂੰਨਗੋ, ਸ੍ਰੀ ਪ੍ਰੀਕੀਰਤ ਸਿੰਘ ਚੋਣ ਕਾਨੂੰਨਗੋ, ਪ੍ਰਿੰਸੀਪਲ ਸਰਕਾਰੀ ਸਕੂਲ ਫਤਿਹਪੁਰ ਸ਼ੁਕਰਚੱਕ ਸ੍ਰੀ ਕੁਲਦੀਪ ਕੁਮਾਰ, ਬੀ.ਐਲ.ਓ. ਸ: ਗੁਰਮੁਖ ਸਿੰਘ ਤੋਂ ਇਲਾਵਾ ਹੋਰ ਕਰਮਚਾਰੀ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਕੁਇਜ਼ ਮੁਕਾਬਲਿਆਂ ਅਤੇ ਪ੍ਰਿੰਟਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਕੂਲੀ ਬੱਚਿਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਵੋਟਰ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਨਾਟਕਾਂ ਦੀ ਪੇਸ਼ਕਾਰੀ ਵੀ ਕੀਤੀ ਗਈ।
ਇਸ ਤੋਂ ਇਲਾਵਾ ਚੋਣ ਦਫ਼ਤਰ ਦੇ ਕਰਮਚਾਰੀ ਇਲੈਕਸ਼ਨ ਕਾਨੂੰਨਗੋ ਸ੍ਰੀ ਰਜਿੰਦਰ ਸਿੰਘ, ਸੀਮਾ ਦੇਵੀ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਵਲੋਂ ਵਧੀਕ ਜਿਲ੍ਹਾ ਚੋਣ ਅਫ਼ਸਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਅਧਿਆਪਕ ਸ੍ਰੀ ਰਾਜਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਚੋਣ ਅਫ਼ਸਰ ਸ: ਇੰਦਰਜੀਤ ਸਿੰਘ, ਬੀ.ਬੀ.ਕੇ.ਡੀ.ਏ.ਵੀ. ਕਾਲਜ ਦੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਵਾਈ ਪ੍ਰਿੰਸੀਪਲ ਸ੍ਰੀਮਤੀ ਕਿਰਨ ਗੁਪਤਾ, ਜਿਲ੍ਹਾ ਸਿੱਖਿਆ ਅਫ਼ਸਰ ਸ: ਹਰਭਗਵੰਤ ਸਿੰਘ, ਚੋਣ ਕਾਨੂੰਨਗੋ ਸ੍ਰੀ ਸੌਰਭ ਖੋਸਲਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

हिंदी






