ਪਟਾਕੇ ਚਲਾਉਣ ਵੇਲੇ ਅੱਖਾਂ ਦੇ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾਣ : ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ

Sorry, this news is not available in your requested language. Please see here.

– ਦੀਵਾਲੀ ਦੇ ਸ਼ੁੱਭ ਤਿਓਹਾਰ ਦੇ ਮੱਦੇਨਜ਼ਰ ਪਟਾਕੇ ਚਲਾਉਣ ਵੇਲੇ ਅੱਖਾਂ ਦੇ ਬਚਾਅ ਲਈ ਜਾਗਰੂਕਤਾ ਪੋਸਟਰ ਰਿਲੀਜ਼

– ਕੋਵਿਡ- ਦੀ ਰੋਕਥਾਮ ਲਈ ਲੋਕਾਂ ਨੂੰ ਵੱਡੀਆਂ ਭੀੜਾਂ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ
ਨਵਾਂਸ਼ਹਿਰ, 2 ਨਵੰਬਰ 2021:- ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੇ ਦੀਵਾਲੀ ਦੇ ਸ਼ੁੱਭ ਤਿਓਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਪਟਾਕੇ ਚਲਾਉਣ ਵੇਲੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਅੱਜ ਇਕ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਹੈ।
ਇਸ ਮੌਕੇ ਸਿਵਲ ਡਾ ਇੰਦਰਮੋਹਨ ਗੁਪਤਾ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਦੀਵਾਲੀ ਦੇ ਸ਼ੁੱਭ ਤਿਓਹਾਰ ਮੌਕੇ ਕਿਸੇ ਨੇ ਪਟਾਕੇ ਚਲਾਉਣੇ ਹਨ ਤਾਂ ਲੋੜੀਂਦੀਆਂ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ।
ਸਿਵਲ ਸਰਜਨ ਡਾ ਇੰਦਰਮੋਹਨ ਗੁਪਤਾ ਨੇ ਕਿਹਾ ਕਿ ਦੀਵਾਲੀ ਦੇ ਤਿਓਹਾਰ ਮੌਕੇ ਬੱਚਿਆਂ ਨੂੰ ਵੱਡਿਆਂ ਦੀ ਨਿਗਰਾਨੀ ਹੇਠ ਪਟਾਖੇ ਚਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਟਾਖੇ ਚਲਾਉਂਦੇ ਸਮੇਂ ਰੇਸ਼ਮੀ ਅਤੇ ਢਿੱਲੇ ਕੱਪੜੇ ਨਹੀਂ, ਸਗੋਂ ਸਿਰਫ਼ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਟਾਖੇ ਕਦੇ ਵੀ ਹੱਥ ਵਿੱਚ ਫੜ ਕੇ ਨਹੀਂ ਚਲਾਉਣੇ ਚਾਹੀਦੇ ਤੇ ਅਣਚੱਲੇ ਪਟਾਖਿਆਂ ਨੂੰ ਮੁੜ ਤੋਂ ਚਲਾਉਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਕਦੇ ਵੀ ਫਟ ਸਕਦੇ ਹਨ। ਡਾ. ਗੁਪਤਾ ਨੇ ਕਿਹਾ ਕਿ ਜੇਕਰ ਪਟਾਖਿਆਂ ਕਾਰਨ ਅੱਖ ’ਤੇ ਸੱਟ ਲੱਗ ਜਾਂਦੀ ਹੈ ਤਾਂ ਅੱਖ ਨੂੰ ਮਲਨਾ ਨਹੀਂ ਚਾਹੀਦਾ, ਬਲਕਿ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਹੋ ਸਕੇ ਤਾਂ ਘਰ ਵਿੱਚ ਹੀ ਮਠਿਆਈਆਂ ਬਣਾਉਣ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਠਿਆਈਆਂ ਬਣਾਉਣ ਸਮੇਂ ਸਾਫ-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਮਠਿਆਈਆਂ ਨੂੰ ਢੱਕ ਕੇ ਰੱਖਿਆ ਜਾਵੇ।
ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਤਿਓਹਾਰਾਂ ਦੇ ਸੀਜਨ ਦੌਰਾਨ ਬਾਜ਼ਾਰਾਂ ਵਿਚ ਵੱਡੀਆਂ ਭੀੜਾਂ ਸੰਭਾਵਿਤ ਤੌਰ ‘ਤੇ ਲਾਗ਼ ਦੇ ਫ਼ੈਲਾਅ ਦਾ ਕਾਰਨ ਬਣ ਸਕਦੀਆਂ ਹਨ, ਇਸ ਲਈ ਕੋਰੋਨਾ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਮੌਜੂਦਾ ਕੋਸ਼ਿਸ਼ਾਂ ਦੇ ਮੱਦੇਨਜ਼ਰ ਅਗਲਾ ਕੁਝ ਸਮਾਂ ਬੇਹੱਦ ਮਹੱਤਵਪੂਰਨ ਹੈ। ਜੇਕਰ ਅਸੀਂ ਤਿਓਹਾਰਾਂ ਦੇ ਸੀਜਨ ਦੌਰਾਨ ਕੋਵਿਡ-19 ਸਬੰਧੀ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਦੇ ਹਾਂ ਅਤੇ ਵੱਧ ਤੋਂ ਵੱਧ ਟੀਕਾਕਰਨ ਕਰਵਾਉਂਦੇ ਹਾਂ ਤਾਂ ਸਾਨੂੰ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਨੂੰ ਰੋਕਣ ਵਿੱਚ ਵੱਡੀ ਕਾਮਯਾਬੀ ਮਿਲੇਗੀ। ਕੋਵਿਡ 19 ਤੋਂ ਬਚਾਅ ਲਈ ਜਾਰੀ ਹਦਾਇਤਾਂ ਘਰੋਂ ਬਾਹਰ ਜਾਣ ਸਮੇਂ ਮਾਸਕ ਪਾਉਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨਾ ਤੇ ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ਰ ਜਾਂ ਸਾਬਣ ਪਾਣੀ ਨਾਲ ਸਾਫ਼ ਕਰਨਾ ਆਦਿ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।