ਪਟਿਆਲਾ ਜ਼ਿਲ੍ਹੇ ‘ਚ ਮੱਛੀ ਪਾਲਣ ਨੂੰ ਉਤਸ਼ਾਹਤ ਕਰਨ ਲਈ ਸਾਲ 2021-22 ਲਈ 2.7 ਕਰੋੜ ਰੁਪਏ ਦਾ ਐਕਸ਼ਨ ਪਲਾਨ ਪ੍ਰਵਾਨ

Sorry, this news is not available in your requested language. Please see here.

-ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਵਾਲਿਆਂ ਲਈ ਸਬਸਿਡੀ ਉਪਲਬਧ : ਏ.ਡੀ.ਸੀ.
ਪਟਿਆਲਾ, 4 ਮਈ:
ਪਟਿਆਲਾ ਜ਼ਿਲ੍ਹੇ ‘ਚ ਮੱਛੀ ਪਾਲਣ ਨੂੰ ਉਤਸ਼ਾਹਤ ਕਰਨ ਲਈ ਸਾਲ 2021-22 ਲਈ 2.7 ਕਰੋੜ ਰੁਪਏ ਦੇ ਐਕਸ਼ਨ ਪਲਾਨ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਪ੍ਰਵਾਨਗੀ ਦੇ ਦਿੱਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਕੇਂਦਰੀ ਸਹਾਇਤਾ ਪ੍ਰਾਪਤ ਸਕੀਮ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ) ਤਹਿਤ ਜ਼ਿਲ੍ਹੇ ‘ਚ ਲਾਗੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਲਈ ਬਣਾਏ ਗਏ ਐਕਸ਼ਨ ਪਲਾਨ ਨੂੰ ਪ੍ਰਵਾਨ ਕਰਕੇ ਖਰਚੇ ਦੀ ਵੰਡ ਕਰ ਦਿੱਤੀ ਗਈ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਵੱਲੋਂ ਡੀ.ਐਲ.ਸੀ. ਕਮੇਟੀ ਦੇ ਸਮੂਹ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਨਵੇਂ ਛੱਪੜਾਂ ਦੀ ਉਸਾਰੀ ਲਈ 84 ਲੱਖ ਰੁਪਏ, ਪਹਿਲੇ ਸਾਲ ਦੀ ਖਾਦ ਖੁਰਾਕ ਲਈ 48 ਲੱਖ, ਰੀ-ਸਰਕੁਲੇਟਰੀ ਐਕਆਕਲਚਰ ਸਿਸਟਮ ਲਈ 7.50 ਲੱਖ, ਬਾਇਓਫਲਾਕ ਲਈ 60 ਲੱਖ ਤੇ ਮੋਟਰ ਸਾਈਕਲ ਸਮੇਤ ਆਈਸ ਬਾਕਸ ਲਈ 7.50 ਲੱਖ ਰੁਪਏ ਦੇ ਐਕਸ਼ਨ ਪਲਾਨ ਦੀ ਪ੍ਰਵਾਨਗੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਮੰਤਵ ਜ਼ਿਲ੍ਹਾ ਪਟਿਆਲਾ ‘ਚ ਮੱਛੀ ਪਾਲਣ ਦੇ ਵਿਕਾਸ, ਰੋਜ਼ਗਾਰ ਦੇ ਸਾਧਨ ਵਿਕਸਤ ਕਰਨਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਭਾਰਤ ਸਰਕਾਰ ਵੱਲੋਂ ਉਕਤ ਸਕੀਮ ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਪ੍ਰੋਜੈਕਟਾਂ ਲਈ ਜਨਰਲ ਕੈਟਾਗਰੀ ਦੇ ਲਾਭਪਾਤਰੀਆਂ ਨੂੰ ਯੂਨਿਟ ਕਾਸਟ ਦਾ 40 ਫ਼ੀਸਦੀ ਅਤੇ ਐਸ.ਸੀ./ਐਸ.ਟੀ/ਔਰਤਾਂ ਅਤੇ ਉਨ੍ਹਾਂ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਯੂਨਿਟ ਕਾਸਟ ਦੀ 60 ਫ਼ੀਸਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਸਬਸਿਡੀ ਦੀ ਰਾਸ਼ੀ ਵਿੱਚ ਭਾਰਤ ਸਰਕਾਰ ਦਾ 60 ਫ਼ੀਸਦੀ ਹਿੱਸਾ ਅਤੇ ਰਾਜ ਸਰਕਾਰ ਦਾ 40 ਫ਼ੀਸਦੀ ਹਿੱਸਾ ਹੋਵੇਗਾ।
ਮੀਟਿੰਗ ‘ਚ ਸਹਾਇਕ ਡਾਇਰੈਕਟਰ ਮੱਛੀ ਪਾਲਣ ਪਵਨ ਕੁਮਾਰ, ਮੁੱਖ ਕਾਰਜਕਾਰੀ ਅਫ਼ਸਰ ਸ੍ਰੀ ਕੇਸਰ ਸਿੰਘ ਖੇੜੀ, ਮੱਛੀ ਪ੍ਰਸਾਰ ਅਫ਼ਸਰ ਗੁਰਜੀਤ ਸਿੰਘ, ਮੱਛੀ ਪਾਲਣ ਅਫ਼ਸਰ ਵੀਰਪਾਲ ਕੌਰ ਜੋੜਾ, ਨਰਿੰਦਰ ਕੌਰ ਅਤੇ ਜ਼ਿਲ੍ਹਾ ਪੱਧਰੀ ਕਮੇਟੀ ਦੇ ਮੈਂਬਰ ਮੌਜੂਦ ਸਨ।