ਪਰਾਲੀ ਨੂੰ ਖੇਤਾਂ ਵਿਚ ਵਾਹ ਕੇ 20 ਫੀਸਦੀ ਵੱਧ ਝਾੜ ਪ੍ਰਾਪਤ ਕਰ ਰਿਹਾ ਹੈ ਬੱਗਾ ਕਲਾਂ ਦਾ ਜਗਰੂਪ ਸਿੰਘ ਮੰਡ

Sorry, this news is not available in your requested language. Please see here.

— ਖੇਤੀ ਅਧਿਕਾਰੀਆਂ ਨੇ ਖੇਤਾਂ ਵਿਚ ਪੁੱਜ ਕੇ ਕਿਸਾਨ ਦੀ ਹੌਸ਼ਲਾ ਅਫਜ਼ਾਈ ਕੀਤੀ

ਅੰਮ੍ਰਿਤਸਰ, 1 ਨਵੰਬਰ:

ਜਿੱਥੇ ਜਿਲ੍ਹੇ ਦੇ ਜ਼ਿਆਦਾਤਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰਸ਼ਾਸਨ ਦੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ, ਉਥੇ ਕਈ ਕਿਸਾਨ ਅਜਿਹੇ ਵੀ ਹਨ, ਜੋ ਖੇਤੀਬਾੜੀ ਅਧਿਕਾਰੀਆਂ ਦੀ ਗੱਲ ਮੰਨ ਕੇ ਪਰਾਲੀ ਨੂੰ ਲੰਮੇ ਸਮੇਂ ਤੋਂ ਖੇਤਾਂ ਵਿਚ ਵਾਹ ਕੇ ਫਸਲਾਂ ਦਾ ਝਾੜ ਆਮ ਕਿਸਾਨਾਂ ਨਾਲੋਂ ਵੱਧ ਪ੍ਰਾਪਤ ਕਰ ਰਹੇ ਹਨ। ਅੱਜ ਜਿਲ੍ਹਾ ਖੇਤੀ ਅਧਿਕਾਰੀ ਸ. ਜਤਿੰਦਰ ਸਿੰਘ ਨੇ ਹੋਰ ਅਧਿਕਾਰੀਆਂ ਨਾਲ ਪਿੰਡ ਬੱਗਾ ਬਲਾਕ ਹਰਸ਼ਾ ਛੀਨਾ ਦੇ ਕਿਸਾਨ ਜਗਰੂਪ ਸਿੰਘ ਮੰਡ ਦੇ ਖੇਤਾਂ ਵਿਚ ਪਹੁੰਚ ਕੇ ਕਣਕ ਦੀ ਬਿਜਾਈ ਦਾ ਜਾਇਜ਼ਾ ਲਿਆ ਤੇ ਕਿਸਾਨ ਨੂੰ ਸਾਬਾਸ਼ ਦਿੱਤੀ। ਇਸ ਮੌਕੇ ਗੱਲਬਾਤ ਕਰਦੇ ਸ. ਮੰਡ ਨੇ ਦੱਸਿਆ ਕਿ ਮੈਂ ਪਿਛਲੇ 5 ਸਾਲ ਤੋਂ ਨਾ ਕਣਕ ਦਾ ਨਾੜ ਸਾੜਿਆ ਤੇ ਨਾ ਹੀ ਝੋਨੇ ਦੀ ਪਰਾਲੀ। ਉਨਾਂ ਦੱਸਿਆ ਕਿ ਮੈਂ ਖੇਤੀ ਵਿਭਾਗ ਵੱਲੋਂ ਦੱਸੇ ਨੁਕਤੇ ਉਤੇ ਕੰਮ ਕਰਕੇ ਮੈਂ ਆਪਣਾ ਝੋਨਾ ਐਸ. ਐਮ. ਐਸ ਵਾਲੀ ਕੰਬਾਇਨ ਤੋਂ ਕਟਾਉਂਦਾ ਹਾਂ, ਜਿਸ ਨਾਲ ਪਰਾਲੀ ਦੇ ਛੋਟੇ ਟੁੱਕੜੇ ਹੋ ਜਾਂਦੇ ਹਨ। ਇਸ ਪਿਛੋਂ ਖੇਤ ਨੂੰ ਉਲਟਾਵੇਂ ਹੱਲ ਨਾਲ ਵਾਹ ਕੇ ਇਸ ਪਰਾਲੀ ਨੂੰ ਜਮੀਨ ਵਿਚ ਦੱਬ ਦਿੰਦਾ ਹੈ ਅਤੇ ਫਿਰ ਕਣਕ ਦੀ ਬਿਜਾਈ ਕਰਦਾ ਹਾਂ। ਉਨਾਂ ਕਿਹਾ ਕਿ ਇਸ ਨਾਲ ਮੇਰੇ ਖੇਤ ਦੀ ਉਪਜਾਊ ਸ਼ਕਤੀ ਵਧੀ ਹੈ, ਮੀਂਹ ਦਾ ਪਾਣੀ ਖੇਤ ਵਿਚ ਖੜਦਾ ਨਹੀਂ, ਬਲਕਿ ਹੇਠਾਂ ਰਸ ਜਾਂਦਾ ਹੈ। ਉਨਾਂ ਦੱਸਿਆ ਕਿ ਮੈਂ ਸਾਰੇ ਕਿਸਾਨਾਂ ਨਾਲੋਂ ਘੱਟ ਰਸਾਣਿਕ ਖਾਦਾਂ ਦੀ ਵਰਤੋਂ ਕਰਦਾ ਹਾਂ, ਪਰ ਮੇਰੀਆਂ ਫਸਲਾਂ ਦਾ ਝਾੜ ਸਾਰੇ ਪਿੰਡ ਨਾਲੋਂ ਵੱਧ ਆਉਂਦਾ ਹੈ, ਜੋ ਕਿ ਕਰੀਬ 20 ਤੋਂ 25 ਫੀਸਦੀ ਵੱਧ ਹੁੰਦਾ ਹੈ। ਉਨਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਕ ਵਾਰ ਅਜਿਹਾ ਕਰਕੇ ਵੇਖਣ, ਨਤੀਜਾ ਸਾਹਮਣੇ ਆ ਜਾਵੇਗਾ।

ਇਸ ਮੌਕੇ ਖੇਤੀ ਅਧਿਕਾਰੀ ਸ. ਗਿਲ ਨੇ ਕਿਸਾਨ ਦੀ ਹੌਂਸਲਾ ਅਫਜ਼ਾਈ ਕਰਦੇ ਕਿਹਾ ਕਿ ਅਜਿਹੇ ਕਿਸਾਨ ਕਈ ਕਿਸਾਨਾਂ ਲਈ ਮਾਰਗ ਦਰਸ਼ਕ ਬਣ ਰਹੇ ਹਨ। ਉਨਾਂ ਕਿਹਾ ਕਿ ਪਰਾਲੀ ਖੇਤ ਵਿਚ ਵਾਹੁਣ ਨਾਲ ਖੇਤ ਵਿਚ ਕਈ ਸੂਖਮ ਤੱਤ ਮਿਲਦੇ ਹਨ, ਜੋ ਕਿ ਉਪਜਾਊ ਸ਼ਕਤੀ ਵਧਾ ਕੇ ਫਸਲਾਂ ਦਾ ਝਾੜ ਵਧਾਉਂਦੇ ਹਨ।