ਪਰਾਲੀ ਸਾੜੀ ਤਾਂ 24 ਘੰਟੇ ਵਿਚ ਹੋਵੇਗਾ ਚਲਾਨ—ਡਿਪਟੀ ਕਮਿਸ਼ਨਰ

Sorry, this news is not available in your requested language. Please see here.

—ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਗਠਿਤ ਟੀਮਾਂ ਨਾਲ ਸਮੀਖਿਆ ਬੈਠਕ

—ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਮੁੜ ਕੀਤੀ ਅਪੀਲ

ਫਾਜਿ਼ਲਕਾ, 18 ਅਕਤੂਬਰ

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਪਰਾਲੀ ਪ੍ਰਬੰਧਨ ਲਈ ਗਠਿਤ ਟੀਮਾਂ ਨਾਲ ਲੰਬੀ ਬੈਠਕ ਕੀਤੀ ਅਤੇ ਹਦਾਇਤ ਕੀਤੀ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਹਰ ਹੀਲਾ ਵਰਤਿਆਂ ਜਾਵੇ ਅਤੇ ਜ਼ੇਕਰ ਕੋਈ ਪਰਾਲੀ ਸਾੜਦਾ ਹੈ ਤਾਂ ਉਸਦੀ ਪੜਤਾਲ ਕਰਕੇ 24 ਘੰਟੇ ਵਿਚ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਚਲਾਨ ਕੱਟਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਹੁਣ ਤੱਕ ਜਿ਼ਲ੍ਹੇ ਵਿਚ 57 ਸਰਫੇਸ ਸੀਡਰਾਂ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦ ਕਿ ਅੱਜ ਸਰਫੇਸ ਸੀਡਰਾਂ ਸਬੰਧੀ ਹੋਰ ਸੈਕਸ਼ਨ ਜਾਰੀ ਕਰਨ ਲਈ ਡ੍ਰਾਅ ਕੱਢ ਦਿੱਤਾ ਗਿਆ ਹੈ ਜਿਸਦੀ ਸੂਚਨਾ ਪੋਰਟਲ ਤੇ ਅਪਲੋਡ ਕਰਨ ਦੇ ਨਾਲ ਨਾਲ ਬਲਾਕ ਦਫ਼ਤਰਾਂ ਵਿਚ ਉਪਲਬੱਧ ਕਰਵਾਈ ਗਈ ਹੈ। ਇਸਤੋਂ ਬਿਨ੍ਹਾਂ ਦੁਸਰੀਆਂ ਮਸ਼ੀਨਾਂ ਦੀ ਖਰੀਦ ਵੀ ਕਿਸਾਨਾਂ ਵੱਲੋੋਂ ਕੀਤੀ ਜਾ ਰਹੀ ਹੈ।

 ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਪਰਾਲੀ ਪ੍ਰਬੰਧਨ ਵਿਚ ਕਿਸਾਨਾਂ ਦਾ ਹਰ ਪ੍ਰਕਾਰ ਨਾਲ ਮਾਰਗਦਰਸ਼ਨ ਕੀਤਾ ਜਾਵੇ ਅਤੇ ਛੋਟੇ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਮਸ਼ੀਨਾਂ ਮੁਹਈਆ ਕਰਵਾਉਣ ਵਿਚ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਲੈਂਡ ਬੈਂਕ ਬਣਾਏ ਗਏ ਹਨ ਜਿੱਥੇ ਕੋਈ ਵੀ ਪਰਾਲੀ ਸਟੋਰ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸਦੀ ਸੂਚਨਾ ਆਪਣੇ ਪਿੰਡ ਦੇ ਨੋਡਲ ਅਫ਼ਸਰ ਜਾਂ ਖੇਤੀਬਾੜੀ ਦਫ਼ਤਰ ਤੋਂ ਲਈ ਜਾ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲਾਂ ਵਿਚ ਜਿੰਨ੍ਹਾਂ ਕਿਸਾਨਾਂ ਨੇ ਲਗਾਤਾਰ ਅੱਗ ਲਗਾ ਕੇ ਪਰਾਲੀ ਸਾੜੀ ਸੀ ਉਨ੍ਹਾਂ ਤੇ ਸਖ਼ਤ ਨਿਗਾ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਸ ਵਾਰ ਅੱਗ ਨਾ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।ਜ਼ੇਕਰ ਕਿਸੇ ਨੇ ਅੱਗ ਲਗਾਈ ਤਾਂ ਕਾਨੂੰਨ ਆਪਣਾ ਕੰਮ ਕਰੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਹਰੇਕ ਖੇਤੀਬਾੜੀ ਅਧਿਕਾਰੀ ਆਪਣਾ ਵਿਸਥਾਰਤ ਪਲਾਨ ਤਿਆਰ ਕਰਕੇ ਉਸਨੂੰ ਲਾਗੂ ਕਰੇ। ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਵੱਧ ਤੋਂ ਵੱਧ ਜਾਣਕਾਰੀ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੇਕਰ ਕਿਸੇ ਨੰਬਰਦਾਰ ਨੇ ਅੱਗ ਲਗਾਈ ਤਾਂ ਉਸਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਜ਼ੇਕਰ ਕਿਸੇ ਅਸਲਾ ਲਾਇਸੈਂਸ ਧਾਰਕ ਨੇ ਅੱਗ ਲਗਾਈ ਤਾਂ ਉਸਦਾ ਅਸਲਾ ਲਾਇਸੈਂਸ ਰੱਦ ਹੋ ਜਾਵੇਗਾ। ਇਸੇ ਤਰਾਂ ਜ਼ੇਕਰ ਕਿਸੇ ਸਰਕਾਰੀ ਕਰਮਚਾਰੀ ਨੇ ਅੱਗ ਲਗਾਈ ਤਾਂ ਉਸਦੇ ਖਿਲਾਫ ਵੀ ਵਿਭਾਗ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਮੁੜ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਨਾਂ ਸਾਡੇ ਹਿੱਤ ਵਿਚ ਨਹੀਂ ਹੈ ਸਗੋਂ ਪਰਾਲੀ ਸਾੜਨ ਦਾ ਸਭ ਤੋਂ ਵੱਧ ਨੁਕਸਾਨ ਕਿਸਾਨ ਨੂੰ ਹੀ ਹੈ, ਕਿਉਂਕਿ ਇਸ ਨਾਲ ਕਿਸਾਨ ਦੀ ਜਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਵਾਤਾਵਰਨ ਨੂੰ ਨੁਕਸਾਨ ਵੱਖਰਾ ਹੁੰਦਾ ਹੈ।

ਬੈਠਕ ਵਿਚ ਡੀਡੀਪੀਓ ਸ੍ਰੀ ਸੰਜੀਵ ਕੁਮਾਰ, ਡੀਐਸਪੀ ਗੁਰਮੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ, ਡੀਡੀਐਫ ਅਸੀਸ਼ ਦੁਬੇ ਅਤੇ ਖੇਤੀਬਾੜੀ ਵਿਭਾਗ ਦੇ ਸਾਰੇ ਅਧਿਕਾਰੀ ਹਾਜਰ ਸਨ।