ਪਲਸ-ਪੋਲੀਓ ਮੁਹਿੰਮ : ਪੀ.ਐਚ.ਸੀ. ਬੂਥਗੜ੍ਹ ਅਧੀਨ ਇਲਾਕਿਆਂ ਵਿਚ 1341 ਬੱਚਿਆਂ ਨੂੰ ਪਿਲਾਈ ਦਵਾਈ

Sorry, this news is not available in your requested language. Please see here.

ਐਸ.ਐਮ.ਓ. ਡਾ. ਜਸਕਿਰਨਦੀਪ ਕੌਰ ਤੇ ਹੋਰ ਅਧਿਕਾਰੀਆਂ ਨੇ ਲਿਆ ਮੁਹਿੰਮ ਦਾ ਜਾਇਜ਼ਾ
ਬੂਥਗੜ੍ਹ,  27 ਜੂਨ,2021-
ਤਿੰਨ ਰੋਜ਼ਾ ਸਬ-ਨੈਸ਼ਨਲ ਇਮੂਨਾਈਜੇਸ਼ਨ ਡੇਅ (ਐਸ.ਐਨ.ਆਈ.ਡੀ.)  ਮੁਹਿੰਮ ਤਹਿਤ ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਬੂਥਗੜ੍ਹ ਅਧੀਨ ਪੈਂਦੇ ਇਲਾਕਿਆਂ ਵਿਚ ਪਹਿਲੇ ਦਿਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ-ਰੋਕੂ ਬੂੰਦਾਂ ਪਿਲਾਈਆਂ ਗਈਆਂ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਕਿਰਨਦੀਪ ਕੌਰ ਨੇ ਦਸਿਆ ਕਿ ‘ਕੋਰੋਨਾ ਵਾਇਰਸ’ ਮਹਾਂਮਾਰੀ ਦੇ ਫੈਲਾਅ ਕਾਰਨ ਇਸ ਮੁਹਿੰਮ ਤਹਿਤ ਸਿਰਫ਼ ਉੱਚ ਜੋਖਮ ਵਾਲੇ ਖੇਤਰ, ਪਰਵਾਸੀ ਆਬਾਦੀ, ਭੱਠੇ, ਨਿਰਮਾਣ ਸਥਾਨ, ਝੁੱਗੀ-ਬਸਤੀ ਖੇਤਰ ਹੀ ਕਵਰ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਪੀ.ਐਚ.ਸੀ. ਬੂਥਗੜ੍ਹ ਅਧੀਨ ਪੰਜ ਸਾਲ ਤੋਂ ਘੱਟ ਉਮਰ ਦੇ 2064 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਦਾ ਟੀਚਾ ਹੈ ਅਤੇ ਪਹਿਲੇ ਦਿਨ 1341 ਬੱਚਿਆਂ ਨੂੰ ਦਵਾਈ ਪਿਲਾਈ ਗਈ।
           ਡਾ. ਜਸਕਿਰਨਦੀਪ ਕੌਰ ਨੇ ਪਿੰਡ ਬਹਿਲੋਲਪੁਰ ਵਿਖੇ ਜਾ ਕੇ ਮੁਹਿੰਮ ਦਾ ਨਿਰੀਖਣ ਕੀਤਾ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਜਿਨ੍ਹਾਂ ਥਾਵਾਂ ਦਾ ਦੌਰਾ ਕੀਤਾ, ਉਥੇ ਹਰ ਬੱਚੇ ਨੂੰ ਦਵਾਈ ਪਿਲਾਈ ਹੋਈ ਸੀ ਅਤੇ ਕੋਈ ਵੀ ਬੱਚਾ ਦਵਾਈ ਤੋਂ ਵਾਂਝਾ ਨਹੀਂ ਮਿਲਿਆ। ਉਨ੍ਹਾਂ ਬਲਾਕ ਵਿਚ ਪੋਲੀਓ ਰੋਕੂ ਮੁਹਿੰਮ ਦੀ ਪ੍ਰਗਤੀ ’ਤੇ ਤਸੱਲੀ ਪ੍ਰਗਟ ਕੀਤੀ।
           ਪਲਸ ਪੋਲੀਓ ਮੁਹਿੰਮ ਦੇ ਨੋਡਲ ਅਫ਼ਸਰ ਡਾ. ਸਿਮਨ ਢਿੱਲੋਂ ਨੇ ਦਸਿਆ ਕਿ ਪੀ.ਐਚ.ਸੀ. ਬੂਥਗੜ੍ਹ ਅਧੀਨ ਪੈਂਦੇ ਭੱਠਿਆਂ ਦੀ ਗਿਣਤੀ 29 ਹੈ ਅਤੇ ਏਨੀਆਂ ਹੀ ਰੈਗੂਲਰ ਅਤੇ ਮੋਬਾਈਲ ਟੀਮਾਂ ਦਵਾਈ ਪਿਲਾਉਣ ਲਈ ਤੈਨਾਤ ਕੀਤੀਆਂ ਗਈਆਂ ਹਨ। ਪਹਿਲੇ ਦਿਨ ਟੀਮਾਂ ਵਲੋਂ 2300 ਥਾਵਾਂ ’ਤੇ ਫੇਰੀ ਪਾਈ ਗਈ। ਉਨ੍ਹਾਂ ਦਸਿਆ ਕਿ 8 ਸੁਪਰਵਾਇਜ਼ਰ ਸਮੁੱਚੀ ਮੁਹਿੰਮ ’ਤੇ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਯਕੀਨੀ ਬਣਾ ਰਿਹਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਵਾਲਾ ਕੋਈ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਇਸ ਸਬੰੰਧ ਵਿਚ ਅਧਿਕਾਰੀਆਂ ਨੂੰ ਪਹਿਲਾਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜ ਸਾਲ ਤੋਂ ਘੱਟ ਉਮਰ ਵਾਲੇ ਅਪਣੇ ਹਰ ਬੱਚੇ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਚਾਹੇ ਬੱਚਾ ਬੀਮਾਰ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਪਹਿਲਾਂ ਹੀ ਪੋਲੀਓ-ਮੁਕਤ ਐਲਾਨਿਆ ਹੋਇਆ ਹੈ ਪਰ ਪੋਲੀਓ-ਮੁਕਤੀ ਨੂੰ ਬਰਕਰਾਰ ਰੱਖਣ ਲਈ ਬੱਚਿਆਂ ਨੂੰ ਲਗਾਤਾਰ ਦਵਾਈ ਪਿਲਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਰੂਰਲ ਮੈਡੀਕਲ ਅਫ਼ਸਰ ਡਾ. ਕਿਰਨਦੀਪ ਕੌਰ, ਡਾ. ਹਰਮਨ ਮਾਹਲ, ਡਾ. ਮਫ਼ਲੀਨ, ਸੀ.ਐਚ.ਓ. ਕਰਮਜੀਤ ਕੌਰ, ਐਸ.ਆਈ. ਸਵਰਨ ਸਿੰਘ, ਸਿਹਤ ਵਰਕਰ ਅਨੁਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।
 
ਫ਼ੋਟੋ ਕੈਪਸ਼ਨ  : ਡਾ.ਜਸਕਿਰਨਦੀਪ ਕੌਰ ਤੇ ਡਾ.ਸਿਮਨ ਢਿੱਲੋਂ ਚੈਕਿੰਗ ਦੌਰਾਨ।