ਪਲੇਸਮੈਂਟ ਕੈਂਪ ਦੌਰਾਨ 5 ਉਮੀਦਵਾਰਾਂ ਦੀ ਨੌਕਰੀ ਹੋਈ ਚੋਣ

Sorry, this news is not available in your requested language. Please see here.

ਵੱਖ-ਵੱਖ ਸਲੱਮ ਏਰੀਏ ਦੇ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਨ ਲਈ ਈਵਨਿੰਗ ਪਾਠਸ਼ਾਲਾ ਫੈਲੋ ਦੀ ਅਸਾਮੀ ਭਰਨ ਲਈ ਗਈ ਇੰਟਰਵਿਊ
ਰੂਪਨਗਰ, 16 ਜਨਵਰੀ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲਗਾਏ ਜਾਂਦੇ ਪਲੇਸਮੈਂਟ ਕੈਪਾਂ ਦੀ ਲੜੀ ਤਹਿਤ ਲਗਾਏ ਇੱਕ ਕੈਂਪ ਵਿੱਚ 5 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਪਲੇਸਮੈਂਟ ਅਫਸਰ ਸ਼੍ਰੀਮਤੀ ਮੀਨਾਕਸ਼ੀ ਬੇਦੀ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਸਕੱਤਰ, ਰੈੱਡ ਕਰਾਸ, ਰੂਪਨਗਰ ਵੱਲੋਂ ਵੱਖ-ਵੱਖ ਸਲੱਮ ਏਰੀਏ ਦੇ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਨ ਲਈ ਈਵਨਿੰਗ ਪਾਠਸ਼ਾਲਾ ਦੇ ਪ੍ਰਬੰਧਾਂ ਲਈ ਈਵਨਿੰਗ ਪਾਠਸ਼ਾਲਾ ਫੈਲੋ ਦੀ ਅਸਾਮੀ ਭਰਨ ਲਈ ਇੰਟਰਵਿਊ ਲਈ ਗਈ।
ਉਨ੍ਹਾਂ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈਵਨਿੰਗ ਪਾਠਸ਼ਾਲਾ ਫੈਲੋ ਦੀ ਸੇਵਾ ਦਾ ਸਮਾਂ 11 ਮਹੀਨੇ ਤੱਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕਲਾਸਾਂ ਰੋਜਾਨਾਂ 3 ਘੰਟੇ ਲੱਗਣਗੀਆਂ। ਇਸ ਅਸਾਮੀ ਲਈ ਵਿੱਦਿਅਕ ਯੋਗਤਾ ਕੋਈ ਵੀ ਗ੍ਰੈਜੂਏਟ ਪਾਸ ਰੱਖੀ ਗਈ ਸੀ। ਇਸ ਤੋਂ ਇਲਾਵਾ ਉਮੀਦਵਾਰ ਚੰਗੀ ਕੰਮਿਊਨੀਕੇਸ਼ਨ ਸਕਿੱਲ ਅਤੇ ਕੰਪਿਊਟਰ ਤੇ ਕੰਮ ਦਾ ਮਾਹਿਰ ਹੋਣ ਦੀ ਮੰਗ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਈਵਨਿੰਗ ਪਾਠਸ਼ਾਲਾ ਫੈਲੋ ਦੀ ਭਰਤੀ ਲਈ ਯੋਗ ਉਮੀਦਵਾਰ ਦੀ ਚੋਣ ਕਰਨ ਲਈ ਅਤੇ ਇਨ੍ਹਾਂ ਦੇ ਯੋਗ ਪ੍ਰਬੰਧਾਂ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕੈਂਪ ਵਿੱਚ ਐੱਸ.ਡੀ.ਐਮ, ਰੂਪਨਗਰ-ਕਮ-ਮੈਂਬਰ ਈਵਨਿੰਗ ਪਾਠਸ਼ਾਲਾ ਕਮੇਟੀ ਸ਼੍ਰੀਮਤੀ ਹਰਕਿਰਤ ਕੌਰ ਚੰਨੇ ਵੱਲੋਂ ਕੈਂਪ ਵਿੱਚ ਸ਼ਾਮਲ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਸ ਤੋਂ ਇਲਾਵਾ ਇੰਟਵਿਊ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ) ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਾਜਿੰਦਰ ਕੌਰ ਅਤੇ ਜ਼ਿਲ੍ਹਾ ਡਿਵੈਲਪਮੈਂਟ ਫੈਲੋ ਸ਼੍ਰੀ ਗਿਰਜਾ ਸ਼ੰਕਰ ਵੀ ਹਾਜ਼ਰ ਸਨ।
ਸ਼੍ਰੀਮਤੀ ਮੀਨਾਕਸ਼ੀ ਬੇਦੀ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ 10 ਉਮੀਦਵਾਰਾਂ ਨੇ ਭਾਗ ਲਿਆ। ਇਨ੍ਹਾਂ ਉਮੀਦਵਾਰਾਂ ਵਿੱਚੋਂ ਕਮੇਟੀ ਦੀਆਂ ਸਿਫਾਰਸ਼ਾਂ ਤੇ 5 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।  ਉਕਤ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 5,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।