ਪਿੰਡਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਮੀ ਨਾ ਆਉÎਣ ਦਿੱਤੀ ਜਾਵੇ: ਆਦਿਤਯ ਡੇਚਲਵਾਲ

Sorry, this news is not available in your requested language. Please see here.

*ਵਧੀਕ ਡਿਪਟੀ ਕਮਿਸ਼ਨਰ ਵੱਲੋਂ ਬਲਾਕ ਸ਼ਹਿਣਾ ਦੇ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ
*ਸਰਪੰਚਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਮਸਲੇ ਹੱਲ ਕਰਨ ਦੇ ਨਿਰਦੇਸ਼
*ਘਰ ਘਰ ਸ਼ੁੱਧ ਪਾਣੀ ਦੀ ਸਪਲਾਈ ਪਹੁੰਚਾਉਣ ਲਈ ਯਤਨਾਂ ’ਤੇ ਜ਼ੋਰ

ਸ਼ਹਿਣਾ, 16 ਦਸੰਬਰ
ਪੰਜਾਬ ਸਰਕਾਰ ਵੱਲੋਂ ‘ਸਮਾਰਟ ਵਿਲੇਜ ਮੁਹਿੰਮ’ ਤਹਿਤ ਪਿੰਡਾਂ ਦੇ ਸਰਬਪੱਖੀ ਵਿਕਾਸ ’ਤੇ ਪੂਰਨ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਪੇਂਡੂ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾਣ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਵੱਲੋਂ ਬੀਡੀਪੀਓ ਦਫਤਰ ਸ਼ਹਿਣਾ ਵਿਖੇ ਬਲਾਕ ਸ਼ਹਿਣਾ ਦੇ 67 ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ।
ਇਸ ਮੌਕੇੇ ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਸਰਪੰਚਾਂ ਨਾਲ ਸਿੱਧਾ ਰਾਬਤਾ ਬਣਾਉਂਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ’ਤੇ ਸਬੰਧਤ ਅਧਿਕਾਰੀਆਂ ਨੂੰ ਮਸਲਿਆਂ ਦੇ ਹੱਲ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਸ੍ਰੀ ਡੇਚਲਵਾਲ ਨੇ ਆਖਿਆ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਘਰ ਘਰ ਸ਼ੁੱਧ ਪਾਣੀ ਦੀ ਸਪਲਾਈ ’ਤੇ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਇਨ੍ਹਾਂ ਟੈਪ ਕੁਨੈਕਸ਼ਨਾਂ ਲਈ ਪੰਚਾਇਤਾਂ ਜਲਦੀ ਤੋਂ ਜਲਦੀ ਮਤੇ ਪਾਉਣ ਤਾਂ ਜੋ ਸ਼ੁੱਧ ਪਾਣੀ ਦੀ ਸਪਲਾਈ ਹਰ ਘਰ ਵਿਚ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਹਰ ਘਰ ਵਿਚ ਸਾਫ ਪਾਣੀ ਮੁਹੱਈਆ ਕਰਾਇਆ ਜਾਵੇਗਾ, ਉਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਨੀਂਵਾਂ ਹੋਣ ਤੋਂ ਬਚੇਗਾ।
ਇਸ ਤੋਂ ਇਲਾਵਾ ਉਨ੍ਹਾਂ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਦੀ ਪਿੰਡਾਂ ਵਿਚ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡਾਂ ਵਿਚ ਮਨਰੇਗਾ ਅਧੀਨ ਵਿਕਾਸ ਕਾਰਜਾਂ, ਪੰਚਾਇਤਾਂ ਵੱਲੋਂ ਵਿਕਾਾ ਕਾਰਜਾਂ ਸਬੰਧੀ ਮਤਿਆਂ, ਵਿਕਾਸ ਕਾਰਜਾਂ ਲਈ ਗ੍ਰਾਂਟਾ ਦੀ ਲਾਗਤ, ਵਿਕਾਸ ਕੰਮਾਂ ਵਿਚ ਆ ਰਹੀਆਂ ਰੁਕਾਵਟਾਂ ਆਦਿ ਦਾ ਜਾਇਜ਼ਾ ਲਿਆ ਅਤੇ ਸਰਪੰਚਾਂ ਨੂੰ ਪਿੰਡਾਂ ਨੂੰ ਮਿਲਦੀਆਂ ਗ੍ਰਾਂਟਾਂ ਦੀ ਢੁਕਵੀਂ ਵਰਤੋਂ ਲਈ ਆਖਿਆ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਸ਼ਰਮਾ ਨੇ ਆਖਿਆ ਕਿ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਛੱਪੜਾਂ ਦੇ ਨਵੀਨੀਕਰਨ, ਸੀਚੇਵਾਲ ਮਾਡਲ, ਥਾਪਰ ਮਾਡਲ, ਪੀਣਯੋਗ ਪਾਣੀ ਦੀ 100 ਫੀਸਦੀ ਸਪਲਾਈ ਤੋਂ ਲੈ ਕੇ ਸਾਰੇ ਬੁਨਿਆਦੀ ਢਾਂਚੇ ’ਤੇ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਚਾਇਤਾਂ ਵੱਲੋਂ ਵਿਕਾਸ ਕੰਮਾਂ ਸਬੰਧੀ ਐਸਟੀਮੇਟ ਅਤੇ ਮਤੇ ਪਾਏ ਜਾਣ ਤਾਂ ਜੋ ਪਿੰਡਾਂ ਦਾ ਪੂਰਨ ਵਿਕਾਸ ਹੋ ਸਕੇ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਭੂਸ਼ਣ ਕੁਮਾਰ, ਐਕਸੀਅਨ ਵਾਟਰ ਸਪਲਾਈ ਗੁਰਵਿੰਦਰ ਸਿੰਘ, ਐਕਸੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ, ਐਸਡੀਓ ਪੰਚਾਇਤੀ ਰਾਜ ਰਾਜੀਵ ਗਰਗ, ਡਰੇਨੇਜ ਅਧਿਕਾਰੀ, ਐਸਡੀਓ ਮੰਡੀ ਬੋਰਡ, ਚੇਅਰਮੈਨ ਪੰਚਾਇਤ ਸਮਿਤੀ ਪਰਮਜੀਤ ਸਿੰਘ, ਵਾਈਸ ਚੇਅਰਮੈਨ ਗੁਰਦੀਪ ਸਿੰਘ ਬਾਵਾ, ਜਗਦੇਵ ਸਿੰਘ ਐਸਡੀਓ ਪੀਡਬਲਿਊਡੀ, ਸੀਡੀਪੀਓ ਸ਼ਹਿਣਾ ਤੇ ਬਲਾਕ ਦੇ ਪਿੰਡਾਂ ਦੇ ਸਰਪੰਚ ਤੇ ਹੋਰ ਪਤਵੰਤੇ ਹਾਜ਼ਰ ਸਨ।