ਪਿੰਡ ਚੋਲਟਾ ਕਲਾਂ ਵਿਖੇ ਪਰਾਲੀ ਦੀ ਸਾਂਭ ਸੰਭਾਲ ਲਈ ਲਾਇਆ ਕੈਂਪ

Sorry, this news is not available in your requested language. Please see here.

ਐਸ.ਏ.ਐਸ. ਨਗਰ, 8 ਸਤੰਬਰ 2021
ਮੁੱਖ ਖੇਤੀਬਾੜੀ ਅਫ਼ਸਰ, ਐਸ.ਏ.ਐਸ. ਨਗਰ ਡਾ. ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਪਰਾਲੀ ਦੀ ਸਾਂਭ-ਸੰਭਾਲ ਲਈ ਵਿਭਾਗ ਵੱਲੋਂ ਸਬਸਿਡੀ ਉਤੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਮਸ਼ੀਨਾਂ ਦੀ ਵਰਤੋਂ ਅਤੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਵਾਜਬ ਰੇਟਾਂ ਉਤੇ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਪਿੰਡ ਪੱਧਰੀ ਕੈਂਪ ਲਾਏ ਜਾ ਰਹੇ ਹਨ।
ਇਸ ਲੜੀ ਤਹਿਤ ਪਿੰਡ ਚੋਲਟਾ ਕਲਾਂ ਵਿਖੇ ਕੈਂਪ ਲਗਾਇਆ ਗਿਆ, ਜਿਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ, ਮੋਹਾਲੀ ਡਾ. ਗੁਰਦਿਆਲ ਕੁਮਾਰ ਨੇ ਆਏ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਿਭਾਗ ਵੱਲੋਂ ਸਪਲਾਈ ਕੀਤੀਆਂ ਗਈਆਂ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ/ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਵਾਹ ਕੇ ਮਿਲਾਇਆ ਜਾਵੇ ਤਾਂ ਜੋ ਭੂਮੀ ਦੀ ਊਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਗੁਰੇਜ਼ ਕਰਕੇ ਫਾਲਤੂ ਖਰਚਿਆਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋੋਂ ਜ਼ਿਲ੍ਹੇ ਵਿੱਚ ਸਪਲਾਈ ਕੀਤੇ ਬੇਲਰ ਅਤੇ ਰੇਕ ਦੀ ਵਰਤੋਂ ਕਰਕੇ ਪਰਾਲੀ ਦੀਆਂ ਗੱਠਾਂ ਬਣਾਉਣ ਅਤੇ ਬਾਇਓ ਇਲੈਕਟ੍ਰੀਕਲ ਪਲਾਂਟ, ਖੇਤਾਂ ਵਿੱਚ ਮਲਚਿੰਗ, ਬੋਆਇਲਰਜ਼ ਅਤੇ ਸਰਦੀਆਂ ਵਿੱਚ ਪਸ਼ੂਆਂ ਥੱਲੇ ਵਿਛਾ ਕੇ ਵਰਤਣ ਦੀ ਸਲਾਹ ਦਿੱਤੀ।
ਇਸ ਮੌਕੇ ਡੀ.ਪੀ.ਡੀ. ਆਤਮਾ ਸ਼ਿਖਾ ਸਿੰਗਲਾ ਨੇ ਆਏ ਹੋਏ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਡੇਅਰੀ ਫਾਰਮਿੰਗ, ਮੱਛੀ ਪਾਲਣ, ਬਾਗਬਾਨੀ ਕਿੱਤਿਆਂ ਅਧੀਨ ਕਿਸਾਨ ਬੀਬੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਪਿੰਡ ਚੋਲਟਾ ਕਲਾਂ ਦੀ ਸਰਪੰਚ ਮੀਨਾ ਕੁਮਾਰੀ ਨੇ ਖੇਤੀਬਾੜੀ ਵਿਭਾਗ ਵੱਲੋੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਪਰਾਲੇ ਕਰਨ ਲਈ ਆਏ ਹੋਏ ਕਿਸਾਨਾਂ ਨੂੰ ਅਪੀਲ ਕੀਤੀ।
ਕੈਂਪ ਵਿੱਚ ਆਤਮਾ ਸਕੀਮ ਅਧੀਨ ਕੰਮ ਕਰਦੇ ਏ.ਟੀ.ਐਮ. ਕਮਲਦੀਪ ਸਿੰਘ, ਰਜਿੰਦਰ ਕੁਮਾਰ, ਵਰਿੰਦਰ ਸਿੰਘ, ਸ੍ਰੀ ਮਾਨ ਸਿੰਘ ਅਤੇ ਹੋਰ ਅਗਾਂਹਵਧੁ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ।