ਪੀਏਯੂ ਫਾਰਮ ਸਲਾਹਕਾਰ ਸੇਵਾ ਅਬੋਹਰ ਵੱਲੋਂ ਪਿੰਡ ਦੀਵਾਨ ਖੇੜਾ ਵਿੱਚ ਬਾਗਵਾਨੀ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ

Sorry, this news is not available in your requested language. Please see here.

ਅਬੋਹਰ 4 ਫਰਵਰੀ 2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਬੋਹਰ ਖੇਤਰੀ ਕੇਂਦਰ ਦੇ ਫਾਰਮਰ ਸਲਾਹਕਾਰ ਸੇਵਾ ਵੱਲੋਂ ਅੱਜ ਪਿੰਡ ਦੀਵਾਨ ਖੇੜਾ ਵਿਖੇ ਬਾਗਬਾਨੀ ਸਬੰਧੀ ਇੱਕ ਦਿਨਾਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਵਿੱਚ ਫਾਰਮਰ ਸਲਾਹਕਾਰ ਸੇਵਾ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਬਾਗਬਾਨੀ ਖਾਸ ਕਰਕੇ ਕਿੰਨੂੰ ਦੇ ਬਾਗ ਵਿੱਚ ਮਹੀਨਾ ਫਰਵਰੀ ਅਤੇ ਮਾਰਚ ਵਿੱਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ ।

ਇਸ ਮੌਕੇ ਡਾ ਕ੍ਰਿਸ਼ਨ ਕੁਮਾਰ ਨੇ ਨਿੰਬੂ ਜਾਤੀ ਦੇ ਬਾਗਾਂ ਵਿੱਚ ਕਾਂਟ ਛਾਂਟ ਦੇ ਮਹੱਤਵ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਟ ਛਾਂਟ ਕਰਨ ਦੌਰਾਨ ਸੁੱਕੀਆਂ, ਬਿਮਾਰ ਅਤੇ ਨੁਕਸਾਨੀਆਂ ਟਾਹਣੀਆਂ ਨੂੰ ਹੀ ਕੱਟਣਾ ਚਾਹੀਦਾ ਹੈ ਅਤੇ ਬੇਲੋੜੀ ਕਾਂਟ ਛਾਂਟ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿੰਨੂੰ ਦੇ ਬਾਗਾਂ ਵਿੱਚ ਖਾਦਾਂ ਅਤੇ ਪਾਣੀ ਦੇ ਪ੍ਰਬੰਧਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਰੀਆ ਖਾਦ ਤਿੰਨ ਕਿਸ਼ਤਾਂ ਵਿੱਚ ਦੇਣੀ ਚਾਹੀਦੀ ਹੈ ਜਦੋਂ ਕਿ ਫਾਸਫੋਰਸ ਲਈ ਡੀਏਪੀ ਦੀ ਬਜਾਏ ਸਿੰਗਲ ਸੁਪਰ ਫਾਸਫੇਟ ਖਾਦ ਨੂੰ ਪਹਿਲ ਦੇਣੀ ਚਾਹੀਦੀ ਹੈ।

ਡਾ ਜਗਦੀਸ਼ ਅਰੋੜਾ ਨੇ ਬਾਗਾਂ ਵਿੱਚ ਜੈਵਿਕ ਮਾਦੇ ਦੇ ਮਹੱਤਵ ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਸਾਡੇ ਇਲਾਕੇ ਵਿੱਚ ਜਮੀਨਾਂ ਵਿੱਚ ਜੈਵਿਕ ਮਾਦੇ ਦੀ ਘਾਟ ਹੈ ਅਤੇ ਇਸ ਦੀ ਪੂਰਤੀ ਲਈ ਰੂੜੀ ਦੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਨੇ ਬਾਗਾਂ ਵਿੱਚ ਝੋਨੇ ਦੀ ਪਰਾਲੀ ਨਾਲ ਮਲਚਿੰਗ ਦਾ ਵੀ ਸੁਝਾਅ ਦਿੱਤਾ ਅਤੇ ਕਿਹਾ ਕਿ ਪ੍ਰਤੀ ਏਕੜ ਚਾਰ ਟਨ ਪਰਾਲੀ ਪੌਦਿਆਂ ਥੱਲੇ ਵਿਛਾਉਣ ਨਾਲ ਜਿੱਥੇ ਜਮੀਨ ਵਿੱਚ ਜੈਵਿਕ ਮਾਦਾ ਵਧੇਗਾ ਉਥੇ ਹੀ ਗਰਮੀ ਦੇ ਪ੍ਰਭਾਵ ਤੋਂ ਵੀ ਪੌਦੇ ਬਚਣਗੇ ਅਤੇ ਪਾਣੀ ਵੀ ਘਾਟ ਵੀ ਨਹੀਂ ਆਵੇਗੀ। ਇਸ ਤੋਂ ਬਿਨਾਂ ਉਹਨਾਂ ਨੇ ਬੋਰਡੋ ਮਿਕਸਚਰ ਅਤੇ ਬੋਰਡੋ ਪੇਂਟ ਸਬੰਧੀ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਨਾਲ ਹੀ ਉਹਨਾਂ ਨੇ ਕਿੰਨੂ ਦੇ ਬਾਗਾਂ ਵਿੱਚ ਸਿਟਰਸ ਸਿੱਲੇ ਅਤੇ ਗੂੰਦ ਰੋਗ ਤੋਂ ਬਚਾਓ ਸਬੰਧੀ ਵੀ ਕਿਸਾਨਾਂ ਨੂੰ ਮੌਕੇ ਤੇ ਜਾਣਕਾਰੀ ਦਿੱਤੀ। ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਆਪਣੇ ਸਵਾਲ ਵੀ ਮਾਹਿਰਾਂ ਕੋਲੋਂ ਪੁੱਛੇ।