ਪ੍ਰਾਈਵੇਟ ਜਨ ਔਸ਼ਧੀ ਕੇਂਦਰ ਦਾ ਲਾਇਸੰਸ 21 ਦਿਨਾਂ ਵਾਸਤੇ ਸਸਪੈਂਡ, ਡਾ. ਔਲ਼ਖ

Sorry, this news is not available in your requested language. Please see here.

ਬਰਨਾਲਾ, 22 ਨਵੰਬਰ:

ਸਿਹਤ ਵਿਭਾਗ ਵੱਲੋਂ ਮਾਣਯੋਗ  ਡਾ. ਬਲਬੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਅਧੀਨ ਭਰੂਣ ਹੱਤਿਆ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ.ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਬਰਨਾਲਾ ਦੇ ਇਕ ਪ੍ਰਾਈਵੇਟ ਜਨ ਔਸ਼ਧੀ ਕੇਂਦਰ ਉੱਪਰ ਛਾਪੇਮਾਰੀ ਕੀਤੀ ਗਈ ਸੀ, ਜਿਸ ਵਿੱਚ ਸਿਹਤ ਟੀਮ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਵੇਚੀ ਜਾਣ ਵਾਲੀਆਂ ਗਰਭਪਾਤ ਦਵਾਈਆਂ (ਐਮ.ਟੀ.ਪੀ. ਕਿੱਟ) ਅਤੇ 22 ਤਰ੍ਹਾਂ ਦੀਆਂ ਦਵਾਈਆਂ ਜੋ ਜਨ ਔਸ਼ਧੀ ਵਿੱਚ ਨਹੀਂ ਵੇਚੀਆਂ ਜਾ ਸਕਦੀਆਂ ਅਤੇ ਉਨ੍ਹਾਂ ਦਾ ਕੋਈ ਰਿਕਾਰਡ ਵੀ ਮੌਜੂਦ ਨਹੀਂ ਸੀ, ਦੀ ਬਰਾਮਦੀ ਕੀਤੀ ਗਈ।

ਸਿਹਤ ਵਿਭਾਗ ਦੀ ਟੀਮ ਵੱਲੋਂ ਡਾ. ਗਗਨਦੀਪ ਸੇਖੋਂ ਅਤੇ ਡਰੱਗ ਇੰਸਪੈਕਟਰ ਮੈਡਮ ਪਰਨੀਤ ਕੌਰ ਦੀ ਅਗਵਾਈ ਵਿੱਚ  ਕੀਤੀ ਇਸ ਗੈਰ ਕਾਨੂੰਨੀ ਬਰਾਮਦਗੀ ਵਿਰੁੱਧ ਕਾਰਵਾਈ ਕਰਨ ਲਈ ਜੋਨਲ ਲਾਇਸੰਸ ਆਥਾਰਟੀ ਨੂੰ ਲਿਖਿਆ ਗਿਆ ਸੀ, ਜਿਸ ਵਿਰੁੱਧ ਕਾਰਵਾਈ ਕਰਦਿਆਂ ਜ਼ੋਨਲ ਲਾਇਸੰਸਿਗ ਅਥਾਰਟੀ ਵੱਲੋਂ ਇਸ ਪ੍ਰਾਈਵੇਟ ਜਨ ਔਸ਼ਧੀ ਦਾ 21 ਦਿਨਾਂ ਵਾਸਤੇ ਲਾਇਸੰਸ ਸਸਪੈਂਡ ਕਰ ਦਿੱਤਾ ਗਿਆ ਹੈ ।

ਡਰੱਗ ਇੰਸਪੈਕਟਰ ਬਰਨਾਲਾ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਕੋਈ ਵੀ ਮੈਡੀਕਲ ਸਟੋਰ ਬਿਨਾਂ ਕਿਸੇ ਡਾਕਟਰ ਦੇ ਲਿਖੇ ਤੋਂ ਇਹ ਗਰਭਪਾਤ ਵਾਲੀ ਦਵਾਈ ਨਹੀਂ ਵੇਚ ਸਕਦੇ ਅਤੇ ਜੇਕਰ ਕੋਈ ਗਰਭਪਾਤ ਦਵਾਈ (ਐਮ.ਟੀ.ਪੀ. ਕਿੱਟ) ਵੇਚਦਾ ਹੈ ਤਾਂ ਇਸ ਸਬੰਧੀ ਬਾਕਾਇਦਾ ਰਿਕਾਰਡ ਦਰਜ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਕਿਸੇ ਵੀ ਪ੍ਰਾਈਵੇਟ ਜਨ ਔਸ਼ਧੀ ਵਿੱਚ ਮੰਜੂਰਸ਼ੂਦਾ ਦਵਾਈਆਂ ਹੀ ਵੇਚੀਆਂ ਜਾ ਸਕਦੀਆਂ ਹਨ ।