ਪੰਜਾਬੀ ਭਾਸ਼ਾ ‘ਚ ਨਾਮ ਬੋਰਡ ਲਿਖਣ ਲਈ 21 ਨਵੰਬਰ ਤੱਕ ਦਾ ਇੱਕ ਮੌਕਾ ਹੋਰ

Sorry, this news is not available in your requested language. Please see here.

ਬਰਨਾਲਾ,10 ਅਕਤੂਬਰ:

ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਕਈ ਤਰ੍ਹਾਂ ਦੇ ਹੋਰ ਉਪਰਾਲੇ ਕਰਨ ਦੇ ਨਾਲ ਨਾਲ ਰਾਜ ਦੇ ਸਮੂਹ ਸਰਕਾਰੀ,ਅਰਧ ਸਰਕਾਰੀ ਦਫਤਰਾਂ/ਵਿਭਾਗਾਂ/ਅਦਾਰਿਆਂ/ਸੰਸਥਾਵਾਂ/ਵਿੱਦਿਅਕ ਅਦਾਰਿਆਂ/ਬੋਰਡਾਂ/ਨਿਗਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ/ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ/ਨਾਮ ਪੱਟੀਆਂ/ਮੀਲ ਪੱਥਰ/ਸਾਈਨ ਬੋਰਡ ਪੰਜਾਬੀ ਭਾਸ਼ਾ(ਗੁਰਮੁਖੀ ਲਿੱਪੀ) ਵਿੱਚ ਲਿਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਨੇ ਦੱਸਿਆ ਕਿ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਦਫਤਰਾਂ,ਅਦਾਰਿਆਂ ਅਤੇ ਸਕੂਲਾਂ ਦੇ ਨਾਮ ਬੋਰਡ ਅਤੇ ਸੜਕਾਂ ਦੇ ਦਿਸ਼ਾ ਸੂਚਕ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਣ ਦੇ ਨਾਲ ਨਾਲ ਪ੍ਰਾਈਵੇਟ ਦੁਕਾਨਾਂ ਅਤੇ ਹੋਰ ਅਦਾਰਿਆਂ ਦੇ ਨਾਮ ਬੋਰਡ ਪੰਜਾਬੀ ਭਾਸ਼ਾ ‘ਚ ਲਿਖੇ ਜਾਣ ਸੰਬੰਧੀ ਮੁੱਖ ਮੰਤਰੀ ਵੱਲੋਂ ਕੀਤੀ ਗਈ ਘੋਸ਼ਣਾ ਮਿਤੀ ਤੋਂ ਹੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਨਾਲ ਨਾਲ ਪ੍ਰਾਈਵੇਟ ਦੁਕਾਨਾਂ ਅਤੇ ਹੋਰ ਅਦਾਰਿਆਂ ਵੱਲੋਂ ਨਾਮ ਬੋਰਡ ਪੰਜਾਬੀ ਭਾਸ਼ਾ ‘ਚ ਲਿਖਣ ਦੀਆਂ ਹਦਾਇਤਾਂ ਦੀ ਪਾਲਣਾ ਬਾਰੇ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਵੱਲੋਂ ਪੱਤਰ ਜਾਰੀ ਕਰਦਿਆਂ 21 ਫਰਵਰੀ 2023 ਤੱਕ ਸਮੂਹ ਅਦਾਰਿਆਂ ਅਤੇ ਦੁਕਾਨਾਂ ਦੇ ਨਾਮ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ।ਉਪਰੰਤ ਨਿੱਜੀ ਦੁਕਾਨਾਂ ਅਤੇ ਅਦਾਰਿਆਂ ਦੇ ਮਾਲਕਾਂ ਦੀ ਮੰਗ ਅਨੁਸਾਰ ਇਹ ਸਮਾਂ ਸੀਮਾਂ ਵਧਾ ਕੇ 21 ਅਗਸਤ 2023 ਤੱਕ ਦਾ 6 ਮਹੀਨੇ ਦਾ ਸਮਾਂ ਹੋਰ ਦਿੱਤਾ ਗਿਆ ਸੀ।ਨਾਮ ਬੋਰਡ ਪੰਜਾਬੀ ਭਾਸ਼ਾ ‘ਚ ਲਿਖਣ ਦੇ ਟੀਚੇ ਦੀ ਸੌ ਫੀਸਦੀ ਪ੍ਰਾਪਤੀ ਲਈ ਉਚੇਰੀ ਸਿੱਖਿਆ ਅਤੇ ਭਾਸ਼ਾ ਬਾਰੇ ਵਿਭਾਗ ਨੇ ਪੱਤਰ ਜਾਰੀ ਕਰਕੇ 21 ਨਵੰਬਰ 2023 ਤੱਕ ਦਾ ਤਿੰਨ ਮਹੀਨੇ ਦਾ ਸਮਾਂ ਹੋਰ ਦਿੱਤਾ ਹੈ।

ਨਾਮ ਬੋਰਡ ਪੰਜਾਬੀ ਭਾਸ਼ਾ(ਗੁਰਮੁਖੀ ਲਿੱਪੀ) ਵਿੱਚ ਲਿਖਣ ਤੋਂ ਰਹਿੰਦੇ ਸਮੂਹ ਨਿੱਜੀ ਦੁਕਾਨਾਂ ਅਤੇ ਅਦਾਰਿਆਂ ਦੇ ਮਾਲਕਾਂ ਨੂੰ ਆਪਣੇ ਅਦਾਰਿਆਂ ਦੇ ਨਾਮ ਬੋਰਡ ਨਿਰਧਾਰਤ ਸਮਾਂ ਸੀਮਾਂ ਤੋਂ ਪਹਿਲਾਂ ਪਹਿਲਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਲਿਖਣ ਦਾ ਕੰਮ ਤਰਜ਼ੀਹੀ ਆਧਾਰ ‘ਤੇ ਮੁਕੰਮਲ ਕਰਨ ਦੀ ਅਪੀਲ ਕਰਦਿਆਂ ਭਾਸ਼ਾ ਅਧਿਕਾਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਮਾਂ ਸੀਮਾਂ ਵਿੱਚ ਇਜ਼ਾਫਾ ਕਾਰਜ ਮੁਕੰਮਲ ਕਰਨ ਦੀ ਸ਼ਰਤ ‘ਤੇ ਹੀ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਜਾਂ ਅਦਾਰਾ ਮਾਲਕ ਆਪਣੀ ਇੱਛਾ ਅਨੁਸਾਰ ਪੰਜਾਬੀ ਸਮੇਤ ਹੋਰ ਕਿਸੇ ਭਾਸ਼ਾ ‘ਚ ਵੀ ਨਾਮ ਬੋਰਡ ਲਿਖ ਸਕਦਾ ਹੈ ਪਰ ਸਭ ਤੋਂ ਉੱਪਰ ਅਤੇ ਵੱਡੇ ਸਾਈਜ਼ ਵਿੱਚ ਪੰਜਾਬੀ ਭਾਸ਼ਾ(ਗੁਰਮੁਖੀ ਲਿੱਪੀ) ਵਿੱਚ ਲਿਖਿਆ ਜਾਣਾ ਜਰੂਰੀ ਹੈ।ਉਹਨਾਂ ਕਿਹਾ ਕਿ ਨਾਮ ਬੋਰਡ ਪੰਜਾਬੀ ਭਾਸ਼ਾ ‘ਚ ਲਿਖਣ ਸਮੇਂ ਭਾਸ਼ਾ ਦੀ ਸ਼ੁੱਧਤਾ ਦਾ ਖਿਆਲ ਰੱਖਿਆ ਜਾਣਾ ਵੀ ਜਰੂਰੀ ਹੈ।ਭਾਸ਼ਾ ਅਧਿਕਾਰੀ ਨੇ ਕਿਹਾ ਕਿ ਤੀਜੀ ਵਾਰ ਵਧਾਈ ਸਮਾਂ ਸੀਮਾਂ ਦੌਰਾਨ ਨਾਮ ਬੋਰਡ ਪੰਜਾਬੀ ਭਾਸ਼ਾ ‘ਚ ਨਾ ਲਿਖਣ ‘ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।