ਜ਼ਿਲੇ ਵਿਚ ਹਰੇਕ ਯੋਗ ਕਾਰੋਬਾਰੀ ਨੂੰ ਮਿਲੇਗਾ ਸਕੀਮ ਦਾ ਲਾਭ
ਤਰਨ ਤਾਰਨ, 12 ਜਨਵਰੀ :
ਕੋਵਿਡ-19 ਦੀ ਇਸ ਔਖੀ ਘੜੀ ਵਿਚ ਵਪਾਰਕ ਭਾਈਚਾਰੇ ਨੂੰ ਰਾਹਤ ਪ੍ਰਦਾਨ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਅੱਜ ਲੁਧਿਆਣਾ ਵਿਖੇ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ’ ਦੀ ਸ਼ੁਰੂਆਤ ਕੀਤੀ ਗਈ। ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਮਾਗਮ ਵਿਚ ਆਨਲਾਈਨ ਸ਼ਿਰਕਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ।ਇਸ ਸਕੀਮ ਨਾਲ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਇਸ ਸਕੀਮ ਤਹਿਤ ਸਾਰੇ ਕਾਰੋਬਾਰੀ, ਜਿਨਾਂ ਦੀਆਂ ਅਸੈਸਮੈਂਟਾਂ 31 ਦਸੰਬਰ, 2020 ਤੱਕ ਕੀਤੀਆਂ ਜਾ ਚੁੱਕੀਆਂ ਹਨ, ਉਹ 30 ਅਪ੍ਰੈਲ ਤੱਕ ਇਸ ਸਕੀਮ ਤਹਿਤ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਕਾਰੋਬਾਰੀ ਕਾਨੂੰਨੀ ਫਾਰਮ ਜਿਵੇਂ ਸੀ-ਫਾਰਮ ਵੀ ਜਮਾਂ ਕਰਵਾ ਸਕਦਾ ਹੈ, ਜੋ ਕਿ ਅਸੈਸਮੈਂਟ ਦੇ ਸਮੇਂ ਐਪਲੀਕੇਸ਼ਨ ਫਾਰਮ ਦੇ ਨਾਲ ਨਹੀਂ ਦਿੱਤਾ ਗਿਆ ਅਤੇ ਕਾਰੋਬਾਰੀ ਨੂੰ ਸਵੈ-ਅਸੈਸਮੈਂਟ ਕਰਨੀ ਹੋਵੇਗੀ ਅਤੇ ਨਿਪਟਾਰੇ ਦੇ ਨਤੀਜੇ ਵਜੋਂ ਦੇਣਯੋਗ ਮੂਲ ਟੈਕਸ ਦੀ ਅਦਾਇਗੀ ਦੇ ਸਬੂਤ ਜਮਾਂ ਕਰਵਾਉਣੇ ਹੋਣਗੇ। ਉਨਾਂ ਕਿਹਾ ਕਿ ਸਬੰਧਤ ਵਾਰਡ ਇੰਚਾਰਜ ਨਿਪਟਾਰੇ ਦਾ ਹੁਕਮ ਜਾਰੀ ਕਰਗੇਾ, ਜਿਸ ਨੂੰ ਕਿਸੇ ਵੀ ਤਰਾਂ ਦੀ ਸਮੀਖਿਆ ਜਾਂ ਸੁਧਾਈ ਦੇ ਤੌਰ ’ਤੇ ਦੁਬਾਰਾ ਨਹੀਂ ਖੋਲਿਆ ਜਾਵੇਗਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਨਾਲ ਕਾਰੋਬਾਰੀਆਂ ਨੂੰ ਜ਼ੁਰਮਾਨੇ ਤੋਂ ਇਲਾਵਾ ਟੈਕਸ ਤੋਂ ਵੀ ਛੋਟ ਮਿਲੇਗੀ। ਉਨਾਂ ਕਿਹਾ ਕਿ ਜ਼ਿਲੇ ਵਿਚ ਇਸ ਸਕੀਮ ਤਹਿਤ ਆਉਣ ਵਾਲੇ ਹਰੇਕ ਯੋਗ ਕਾਰੋਬਾਰੀ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਸਬੰਧਤ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਕੋਵਿਡ-19 ਕਾਰਨ ਸਮਾਜ ਦੇ ਸਾਰੇ ਵਰਗਾਂ ਲਈ ਅਣਕਿਆਸੇ ਹਾਲਾਤ ਪੈਦਾ ਹੋ ਗਏ ਸਨ ਅਤੇ ਕਾਰੋਬਾਰੀ ਖਾਸਕਰ, ਛੋਟੇ ਕਾਰੋਬਾਰੀਆਂ ਨੇ ਤਾਲਾਬੰਦੀ ਅਤੇ ਇਸ ਦੇ ਬਾਅਦ ਕਾਰੋਬਾਰੀ ਗਤੀਵਿਧੀਆਂ ਵਿਚ ਨਿਘਾਰ ਕਾਰਨ ਬਹੁਤ ਨੁਕਸਾਨ ਝੱਲਿਆ ਹੈ।

हिंदी






