ਫਾਜ਼ਿਲਕਾ ਦਾ ਕਿਸਾਨ ਹਰਮੀਤ ਸਿੰਘ ਸਮੇਤ ਪੰਜਾਬ ਦੇ 6 ਮੱਛੀ ਪਾਲਕ ਕਿਸਾਨ ਰਾਸ਼ਟਰੀ ਗਣਤੰਤਰ ਦਿਵਸ ‘ਚ ਵਿਸ਼ੇਸ਼ ਮਹਿਮਾਨ ਵਜੋਂ ਹੋਣਗੇ ਸ਼ਾਮਿਲ

Sorry, this news is not available in your requested language. Please see here.

ਫਾਜ਼ਿਲਕਾ 24 ਜਨਵਰੀ 2024

ਮੱਛੀ ਪਾਲਣ ਵਿਭਾਗ ਭਾਰਤ ਸਰਕਾਰ ਵਲੋਂ ਨਵੀਂ ਦਿੱਲੀ ਵਿਖੇ 26 ਜਨਵਰੀ ਨੂੰ ਹੋਣ ਵਾਲੇ 76ਵੇਂ ਗਣਤੰਤਰ ਦਿਵਸ ਸਮਾਗਮ ‘ਚ ਸ਼ਾਮਿਲ ਹੋਣ ਲਈ ਪੰਜਾਬ ਰਾਜ ਦੇ 6 ਮੱਛੀ/ਝੀਂਗਾ ਪਾਲਕ ਕਿਸਾਨਾਂ ਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਮੱਛੀ/ਝੀਂਗਾ ਕਿਸਾਨ ਆਪਣੇ ਪਰਿਵਾਰਕ  ਮੈਂਬਰਾਂ ਨਾਲ ਤਿੰਨ ਦਿਨਾਂ ਲਈ ਮੱਛੀ ਪਾਲਣ ਵਿਭਾਗ ਭਾਰਤ ਸਰਕਾਰ ਦੇ ਮਹਿਮਾਨ ਹੋਣਗੇ। ਪ੍ਰੋਗਰਾਮ ਅਨੁਸਾਰ ਇਹ ਕਿਸਾਨ 25 ਜਨਵਰੀ ਨੂੰ ਹਵਾਈ ਯਾਤਰਾ ਦੁਆਰਾ ਦਿੱਲੀ ਜਾਣਗੇ, ਜਿਥੇ ਉਹ 25 ਤੋਂ 27 ਜਨਵਰੀ ਤੱਕ ਵੱਖ-ਵੱਖ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਇਸ ਦੌਰਾਨ ਉਨ੍ਹਾਂ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਦੀ ਪਰੇਡ ਬਤੌਰ ਵਿਸ਼ੇਸ਼ ਮਹਿਮਾਨ ਦੇਖਣ ਦਾ ਮੌਕਾ ਮਿਲੇਗਾ।

ਚੁਣੇ ਗਏ ਮੱਛੀ/ਝੀਂਗਾ ਕਿਸਾਨ ਸ਼੍ਰੀ ਹਰਮੀਤ ਸਿੰਘ ਫਾਜ਼ਿਲਕਾ, ਸ਼੍ਰੀਮਤੀ ਰੋਬਿਨਦੀਪ ਕੌਰ ਮਾਨਸਾ, ਸ਼੍ਰੀ ਕਮਲਜੀਤ ਸਿੰਘ ਤੇ ਸ਼੍ਰੀਮਤੀ ਨਰਿੰਦਰਜੀਤ ਕੌਰ ਗੁਰੋਂ ਲੁਧਿਆਣਾ, ਸ਼੍ਰੀਮਤੀ ਰੁਪਿੰਦਰ ਕੌਰ ਸ਼੍ਰੀ ਮੁਕਤਸਰ ਸਾਹਿਬ ਅਤੇ ਸ੍ਰੀ. ਸੁਖਰਾਜ ਸਿੰਘ ਸੰਧੂ ਮੋਹਾਲੀ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਨਾਲ ਪ੍ਰੋਗਰਾਮ ਵਿੱਚ ਮੱਛੀ ਪਾਲਣ ਵਿਭਾਗ, ਪੰਜਾਬ ਦੇ ਨੋਡਲ ਅਫਸਰ ਵਜੋਂ ਸ਼੍ਰੀਮਤੀ ਸਤਿੰਦਰ ਕੌਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਮੋਹਾਲੀ (ਮੁੱਖ ਦਫਤਰ) ਵੱਲੋਂ ਵੀ ਭਾਗ ਲਿਆ ਜਾਵੇਗਾ, ਜੋ ਕਿ ਇਨ੍ਹਾਂ ਕਿਸਾਨਾਂ ਦੀ ਅਗਵਾਈ ਕਰਨਗੇ। ਚੁਣੇ ਗਏ ਇਨ੍ਹਾਂ ਮੱਛੀ/ਝੀਂਗਾ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਅਧੀਨ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਲਈ ਯੂਨਿਟ ਕਾਸਟ ਤੇ 40% ਤੋਂ 60% ਸਬਸਿਡੀ ਦਾ ਲਾਭ ਪ੍ਰਾਪਤ ਹੋਇਆ ਹੈ।

ਜਸਵੀਰ ਸਿੰਘ ਡਾਇਰੈਕਟਰ ਮੱਛੀ ਪਾਲਣ ਵਿਭਾਗ ਪੰਜਾਬ ਵੱਲੋਂ ਦੱਸਿਆ ਗਿਆ ਹੈ ਕਿ ਮੱਛੀ ਪਾਲਣ ਦੇ ਖੇਤਰ ਦੇ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਿਲ ਕੇ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਹੁਣ ਤੱਕ 500 ਤੋਂ ਵੱਧ ਲਾਭਪਾਤਰੀਆਂ ਨੂੰ 26.00 ਕਰੋੜ ਤੋਂ ਵੱਧ ਦੀ ਸਬਸਿਡੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਇੱਕ ਅਜਿਹੀ ਸਕੀਮ ਹੈ, ਜਿਸ ਵਿੱਚ ਮੱਛੀ ਪਾਲਣ ਦੇ ਸੈਕਟਰ ਨਾਲ ਜੁੜੇ ਲਗਭੱਗ ਹਰ ਤਰ੍ਹਾਂ ਦੇ ਪ੍ਰੋਜੈਕਟ ਸ਼ਾਮਿਲ ਹਨ। ਇਸ ਸਕੀਮ ਅਧੀਨ ਪੰਜਾਬ ਰਾਜ ਵਿੱਚ ਪਹਿਲੀ ਵਾਰ ਪ੍ਰਾਈਵੇਟ ਸੈਕਟਰ ਵਿੱਚ ਪ੍ਰੋਜੈਕਟ ਜਿਵੇਂ ਕਿ ਮੱਛੀ ਫੀਡ ਮਿੱਲਾਂ, ਇੰਨਸੁਲੇਟਿਡ ਵੈਨਾਂ, ਬਾਇਓ-ਫਲਾਕ ਕਲਚਰ ਸਿਸਟਮ, ਮੱਛੀ ਕਿਓਸਕ ਦੀ ਸਥਾਪਨਾ/ਸੁਧਾਰ  ਆਦਿ ਨੂੰ ਅਪਣਾਉਣ ਲਈ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਨਾਲ ਪੰਜਾਬ ਵਿਚ ਮੱਛੀ ਪਾਲਣ ਦੇ ਕਿੱਤੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਾਜ਼ਿਲਕਾ ਦੇ ਮੱਛੀ ਪਾਲਣ ਅਫਸਰ ਮੈਡਮ ਕੋਕਮ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹਾ ਝੀਂਗਾ ਪਾਲਣ ਵਿੱਚ ਕਾਫ਼ੀ ਅੱਗੇ ਨਿਕਲ ਰਿਹਾ ਹੈ।