ਬੇਰੋਜ਼ਗਾਰ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਬੀ.ਪੀ.ਓ. ਦੀ ਮੁਫ਼ਤ ਟ੍ਰੇਨਿੰਗ 

Sorry, this news is not available in your requested language. Please see here.

ਬੇਰੋਜ਼ਗਾਰ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਬੀ.ਪੀ.ਓ. ਦੀ ਮੁਫ਼ਤ ਟ੍ਰੇਨਿੰਗ 
—“ਮਿਸ਼ਨ ਸੁਨਹਿਰੀ ਸ਼ੁਰੂਆਤ” ਤਹਿਤ ਅਕਤੂਬਰ ਮਹੀਨੇ ਤੋਂ ਕੀਤੀ ਜਾਵੇਗੀ ਟ੍ਰੇਨਿੰਗ ਦੀ ਸ਼ੁਰੂਆਤ
—ਟ੍ਰੇਨਿੰਗ ਲੈਣ ਦੇ ਚਾਹਵਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਕਰ ਸਕਦੇ ਹਨ ਸੰਪਰਕ
ਰੂਪਨਗਰ, 27 ਸਤੰਬਰ:
ਜ਼ਿਲ੍ਹੇ ਵਿੱਚ ਬੇਰੋਜ਼ਗਾਰ ਉਮੀਦਵਾਰਾਂ ਨੂੰ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ: ਪ੍ਰੀਤੀ ਯਾਦਵ ਦੀ ਅਗਵਾਈ ਹੇਠ  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ “ਮਿਸ਼ਨ ਸੁਨਹਿਰੀ ਸ਼ੁਰੂਆਤ” ਤਹਿਤ ਅਕਤੂਬਰ ਮਹੀਨੇ ਤੋਂ ਮੁਫਤ ਟ੍ਰੇਨਿੰਗ (ਦੂਜੇ ਬੈਂਚ) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਨੇ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਦੇ ਨਾਲ-ਨਾਲ ਨਿੱਜੀ ਖੇਤਰਾਂ ਵਿੱਚ ਵੀ ਰੋਜ਼ਗਾਰ ਉਪਲੱਬਧ ਕਰਵਾਉਣ ਲਈ “ਮਿਸ਼ਨ ਸੁਨਹਿਰੀ ਸ਼ੁਰੂਆਤ” ਤਹਿਤ ਨੌਜਵਾਨਾਂ ਦੀ ਅਕਤੂਬਰ ਮਹੀਨੇ ਤੋਂ ਮੁਫਤ ਟ੍ਰੇਨਿੰਗ (ਦੂਜਾ ਬੈੱਚ) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆਂ ਕਿ ਮਿਸ਼ਨ ਸੁਨਹਿਰੀ ਤਹਿਤ ਪੰਜਾਬ ਸਰਕਾਰ ਵੱਲੋਂ ਬਿਜਨਸ ਪ੍ਰੋਸੈਸ ਆਊਟਸੋਰਸ ਖੇਤਰ ਵਿੱਚ ਸੂਬੇ ਦੇ 1000 ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਆਕਰਸ਼ਕ ਤਨਖਾਹ ਦਰਾਂ ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ ਬਾਰਵ੍ਹੀਂ ਅਤੇ ਗਰੈਜੂਏਟ ਉਮੀਦਵਾਰਾਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰਾਹੀਂ ਨਿੱਜੀ ਖੇਤਰ ਦੀਆਂ ਕੰਪਨੀਆਂ ਵਿੱਚ ਕਸਟਮਰ ਕੇਅਰ ਐਗਜ਼ੀਕਿਊਟਿਵ, ਅਕਾਊਂਟਸ ਐਗਜ਼ੀਕਿਊਟਿਵ ਅਤੇ ਸੇਲਜ਼ ਐਗਜੀਕਿਊਟਿਵ ਦੀਆਂ ਸੇਵਾਵਾਂ ਲਈ ਚੁਣਿਆ ਜਾਣਾ ਹੈ।
ਉਨ੍ਹਾਂ ਵੱਲੋਂ ਦੱਸਿਆਂ ਗਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ 10 ਦਿਨਾਂ ਦੀ ਸਿਖਲਾਈ ਲੈਣ ਲਈ ਆਪਣਾ ਨਾਮ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਸਿਖਲਾਈ ਦੌਰਾਨ ਉਮੀਦਵਾਰਾਂ ਨੂੰ ਕਮਿਊਨਿਕੇਸ਼ਨ ਸਕਿੱਲਜ਼, ਇੰਗਲਿਸ਼, ਗ੍ਰਾਹਕਾਂ ਨਾਲ ਵਰਤੋਂ ਵਿਵਹਾਰ ਆਦਿ ਸਾਫਟ ਸਕਿੱਲਜ਼ ਦੀ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਲੈਣ ਉਪਰੰਤ ਉਮੀਦਵਾਰਾਂ ਦੀ ਪਲੇਸਮੈਂਟ ਸਬੰਧੀ ਕਾਰਵਾਈ ਆਰੰਭੀ ਜਾਵੇਗੀ। ਇਨ੍ਹਾਂ ਉਮੀਦਵਾਰਾਂ ਨੂੰ 10,000 ਤੋਂ 35,000 ਰੁਪਏ ਪ੍ਰਤੀ ਮਹੀਨਾ ਦਾ ਸੈਲਰੀ ਪੈਕੇਜ਼ ਦਿੱਤਾ ਜਾਵੇਗਾ।
ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਬਾਰਵ੍ਹੀਂ ਅਤੇ ਗਰੈਜੂਏਟ ਪਾਸ ਨੌਜਵਾਨ ਜੋ ਕਿ ਇਸ ਕਿੱਤੇ ਵਿੱਚ ਜਾਣ ਦੇ ਚਾਹਵਾਨ ਹਨ, ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਜਾਂ ਦਫਤਰ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕਰ ਸਕਦੇ ਹਨ।