ਭਗਵੰਤ ਮਾਨ ਸਰਕਾਰ ਵਲੋਂ ਇੰਤਕਾਲ ਕਰਵਾਉਣ ਲਈ ਲਾਏ ਵਿਸ਼ੇਸ਼ ਕੈਂਪ ਲੋਕਾਂ ਲਈ ਵਰਦਾਨ ਬਣੇ: ਬ੍ਰਮ ਸ਼ੰਕਰ ਜਿੰਪਾ 

Shri Bram Shankar Jimpa
ਭਗਵੰਤ ਮਾਨ ਸਰਕਾਰ ਵਲੋਂ ਇੰਤਕਾਲ ਕਰਵਾਉਣ ਲਈ ਲਾਏ ਵਿਸ਼ੇਸ਼ ਕੈਂਪ ਲੋਕਾਂ ਲਈ ਵਰਦਾਨ ਬਣੇ: ਬ੍ਰਮ ਸ਼ੰਕਰ ਜਿੰਪਾ 

Sorry, this news is not available in your requested language. Please see here.

ਕੈਬਨਿਟ ਮੰਤਰੀ ਵੱਲੋਂ ਇੰਤਕਾਲ ਦਰਜ ਕਰਨ ਲਈ ਲਗਾਏ ਗਏ ਕੈਂਪ ਦਾ ਮੋਹਾਲੀ ਅਤੇ ਖਰੜ ਵਿਖੇ ਨਿਰੀਖਣ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਮੇਤ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਤੇ ਸਨ ਤਹਿਸੀਲਾਂ ਚ ਲਾਏ ਗਏ ਕੈਂਪ
ਵਿਧਾਇਕ ਕੁਲਵੰਤ ਸਿੰਘ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਵੀ ਕੈਂਪ ਦਾ ਜਾਇਜ਼ਾ ਲਿਆ
ਐੱਸ.ਏ.ਐੱਸ. ਨਗਰ, 15 ਜਨਵਰੀ 2024
ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਅਮਲ ਕਰਦਿਆਂ ਮਾਲ ਵਿਭਾਗ ਵਲੋਂ ਬਕਾਇਆ ਇੰਤਕਾਲ ਦਰਜ ਕਰਨ ਲਈ ਵਿਸ਼ੇਸ਼ ਲਗਾਏ ਗਏ ਕੈਂਪਾਂ ਨਾਲ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਇਹ ਕੈਂਪ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਬੀਤੀ 06 ਜਨਵਰੀ ਨੂੰ ਲਗਾਏ ਅਜਿਹੇ ਕੈਂਪਾਂ ਵਿਚ 31 ਹਜ਼ਾਰ 500  ਬਕਾਇਆ ਇੰਤਕਾਲ ਦਰਜ ਕੀਤੇ ਗਏ ਸਨ ਤੇ ਅੱਜ ਵੀ ਵੱਡੀ ਗਿਣਤੀ ਬਕਾਇਆ ਇੰਤਕਾਲ ਦਰਜ ਕੀਤੇ ਜਾ ਰਹੇ ਹਨ।
ਇਹ ਵਿਚਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਏ ਕੈਂਪ ਦਾ ਜਾਇਜ਼ਾ ਲੈਂਦੇ ਹੋਏ ਮਾਲ ਮੰਤਰੀ, ਪੰਜਾਬ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਉਹ ਲਗਾਤਾਰ ਤਹਿਸੀਲਾਂ ਦਾ ਦੌਰਾ ਕਰ ਰਹੇ ਹਨ ਤੇ ਲੋਕਾਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ  ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਸਰਕਾਰ ਦਾ ਮਕਸਦ ਹੈ ਕਿ ਲੋਕਾਂ ਨੂੰ ਆਪਣੇ ਕੰਮ ਕਾਜ ਲਈ ਦਫ਼ਤਰਾਂ ਵਿਚ ਖੱਜਲ ਨਾ ਹੋਣਾ ਪਵੇ। ਇਹਨਾਂ ਕੈਂਪਾਂ ਵਿਚ ਇੰਤਕਾਲ ਦੇ ਨਾਲ ਨਾਲ ਤਕਸੀਮ ਦੇ ਕੇਸਾਂ ਬਾਬਤ ਵੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਹਰ ਵੇਲੇ ਲੋਕਾਂ ਬਾਰੇ ਸੋਚਦੇ ਹਨ। ਇਸ ਲਈ ਰਜਿਸਟਰੀਆਂ ਤੇ ਇੰਤਕਾਲ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਜਿੱਥੇ ਜਾਇਦਾਦ ਦੇ ਮਸਲਿਆਂ ਸਬੰਧੀ ਕੋਈ ਵਿਵਾਦ ਵੀ ਹੈ, ਉੱਥੇ ਦੋਵੇਂ ਧਿਰਾਂ ਨੂੰ ਬਿਠਾ ਕੇ ਵੀ ਮਸਲੇ ਹੱਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤਾਂ ਮੌਕੇ ਮਾਲ ਅਦਾਲਤਾਂ ਲਾ ਕੇ ਵੀ ਲੋਕਾਂ ਦੇ ਮਾਲ ਵਿਭਾਗ ਨਾਲ ਸਬੰਧਤ ਮਾਮਲਿਆਂ ਨੂੰ ਨਿਪਟਾਇਆ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਏ ਕੈਂਪ ਦਾ ਜਾਇਜ਼ਾ ਲੈਂਦੇ ਹੋਏ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਮਾਲ ਵਿਭਾਗ ਦੀਆਂ ਸੇਵਾਵਾਂ ਲੋਕਾਂ ਤੱਕ ਸੁਚਾਰੂ ਤਰੀਕੇ ਨਾਲ ਪਹੁੰਚਾਉਣ ਲਈ ਇਹ ਵਿਸ਼ੇਸ਼ ਕੈਂਪ ਲਾਏ ਗਏ ਹਨ ਤਾਂ ਜੋ ਲੋਕਾਂ ਦੇ ਬਕਾਇਆ ਇੰਤਕਾਲ ਦਰਜ ਕਰਵਾਉਣ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ।ਮਾਲ ਤੇ ਮੁੜ ਵਸੇਬਾ ਮੰਤਰੀ ਨੇ ਅੱਗੇ ਕਿਹਾ ਕਿ ਇਸ ਗੱਲ ਨੂੰ ਭਵਿੱਖ ਵਿੱਚ ਸਖ਼ਤੀ ਨਾਲ ਯਕੀਨੀ ਬਣਾਇਆ ਜਾਵੇਗਾ ਕਿ ਨਿਰਧਾਰਿਤ 45 ਦਿਨਾਂ ਚ ਇੰਤਕਾਲ ਦਰਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਵਿੱਚ ਚਿਰਾਂ ਤੋਂ ਖਾਲੀ ਪਈਆਂ ਪਟਵਾਰੀਆਂ ਦੀ ਭਰਤੀ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
ਹਲਕਾ ਵਿਧਾਇਕ ਕੁਲਵੰਤ ਸਿੰਘ ਮੋਹਾਲੀ ਨੇ ਦੱਸਿਆ ਕਿ ਬੀਤੀ 06 ਜਨਵਰੀ ਨੂੰ ਲਗਾਏ ਕੈਂਪ ਵਿਚ ਮੋਹਾਲੀ ਵਿਖੇ ਕਰੀਬ 150 ਬਕਾਇਆ ਇੰਤਕਾਲ ਦਰਜ ਕੀਤੇ ਗਏ ਸਨ।
ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਯੋਗ ਅਗਵਾਈ ਹੇਠ ਮਾਲ ਵਿਭਾਗ ਦੀਆਂ ਸੇਵਾਵਾਂ ਲੋਕਾਂ ਤੱਕ ਸੁਚਾਰੂ ਤਰੀਕੇ ਨਾਲ ਪਹੁੰਚਾਉਣ ਦੀ ਦਿਸ਼ਾ ਵਿੱਚ ਵੱਡੀ ਪੁਲਾਂਘ ਪੁੱਟਦਿਆਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ।  ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਦੇ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਹੈ।
ਕੈਂਪ ਦਾ ਜਾਇਜ਼ਾ ਲੈਂਦੇ ਹੋਏ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਕਿਹਾ ਕਿ ਇਹਨਾਂ ਕੈਂਪਾਂ ਦੇ ਰੂਪ ਵਿੱਚ ਪੰਜਾਬ ਸਰਕਾਰ ਵਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰ ਆਮ ਨਾਗਰਿਕ ਲਾਭ ਉਠਾ ਸਕਦਾ ਹੈ।  ਕੈਂਪ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵੀ. ਐੱਸ. ਤਿੜਕੇ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।