ਮੌਸਮ ਦੀ ਮਹੱਤਤਾ ਅਤੇ ਮੌਸਮ ਸੇਵਾਵਾਂ ਦੀ ਵਰਤੋਂ ਬਾਰੇ ਜਾਣਕਾਰੀ ਦੇਣਗੀਆਂ ਇਹ ਮੋਬਾਇਲ ਐਪਸ
ਆਮ ਲੋਕ ਇਨ੍ਹਾਂ ਐਪਸ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਲੈਣ ਲਾਹਾ
ਹੰਡਿਆਇਆ/ਬਰਨਾਲਾ, 14 ਸਤੰਬਰ :
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਟੀ, ਲੁਧਿਆਣਾ ਦੇ ਅਧੀਨ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਦੇ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਨੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਮੋਬਾਇਲ ਐਪਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮੌਸਮ ਦੀ ਮਹੱਤਤਾ ਅਤੇ ਮੌਸਮ ਸੇਵਾਵਾਂ ਦੀ ਵਰਤੋਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਨੇ ਮੇਘਦੂਤ, ਦਾਮਿਨੀ ਅਤੇ ਮੌਸਮ ਨਾਮ ਦੇ ਤਿੰਨ ਐਪਸ ਜਾਰੀ ਕੀਤੇ ਹਨ। ਇਹ ਐਪਸ ਕਿਸਾਨਾਂ ਅਤੇ ਹੋਰ ਵਰਗ ਦੇ ਲੋਕਾਂ ਤੱਕ ਸਮੇਂ-ਸਮੇਂ ’ਤੇ ਮੌਸਮ ਦੀ ਭਵਿੱਖਬਾਣੀ ਨਾਲ ਸੰਬੰਧਤ ਸੂਚਨਾਵਾਂ, ਖੇਤੀ ਮੌਸਮ ਸਲਾਹਾਂ ਅਤੇ ਅਸਮਾਨੀ ਬਿਜਲੀ ਚਮਕਣ ਦੀਆਂ ਚੇਤਾਵਨੀਆਂ ਆਦਿ ਦੇਣ ਲਈ ਬਣਾਈਆਂ ਗਈਆਂ ਹਨ।

ਡਾ. ਤੰਵਰ ਨੇ ਮੇਘਦੂਤ ਐਪ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਐਪ ਦੇਸ਼ ਦੇ 150 ਜ਼ਿਲਿ੍ਹਆਂ ਲਈ ਉਪਲੱਬਧ ਹਨ। ਮੇਘਦੂਤ ਐਪਲੀਕੇਸ਼ਨ ਪਿਛਲੇ ਦਸ ਦਿਨਾਂ ਅਤੇ ਅਗਲੇ ਪੰਜ ਦਿਨਾਂ ਦੇ ਮੌਸਮੀ ਤੱਤ ਜਿਵੇਂ ਤਾਪਮਾਨ, ਨਮੀ, ਵਰਖਾ, ਹਵਾ ਦੀ ਗਤੀ ਅਤੇ ਹਵਾ ਦੀ ਦਿਸ਼ਾ ਬਾਰੇ ਜਾਣਕਾਰੀ ਦਿੰਦੀ ਹੈ। ਇਸ ਤੋਂ ਇਲਾਵਾ ਮੇਘਦੂਤ ਐਪ ਰਾਹੀ ਮੌਸਮ ਮਾਹਿਰਾਂ ਵੱਲੋਂ ਮੌਸਮ ਅਨੁਸਾਰ ਖੇਤੀ ਕਾਰਜ਼ਾਂ ਬਾਰੇ ਵੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਐਪ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਲਈ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਉਪਲੱਬਧ ਹੈ। ਇਸ ਵਿੱਚ ਹਰ ਜ਼ਿ੍ਹਲੇ ਲਈ ਮੀਂਹ, ਤੂਫ਼ਾਨ, ਗੜੇ੍ਹਮਾਰੀ, ਤੇਜ਼ ਹਵਾਵਾਂ ਆਦਿ ਲਈ ‘ਨਾਉਕਾਸਟ’ ਵੀ ਉਪਲੱਬਧ ਹੁੰਦਾ ਹੈ ਜੋ ਕਿ ਅਗਲੇ ਤਿੰਨ ਘੰਟਿਆਂ ਦੀ ਮੌਸਮ ਭਵਿੱਖਬਾਣੀ ਹੁੰਦੀ ਹੈ। ਇਸ ਤਰਾਂ ਇਹ ਐਪ ਕਿਸਾਨ ਵਰਗ ਲਈ ਰੋਜ਼ਮਰਾ ਦੇ ਕੰਮਾਂ ’ਚ ਬਹੁਤ ਲਾਹੇਵੰਦ ਸਿੱਧ ਹੋਵੇਗੀ।
ਇਸੇ ਤਰ੍ਹਾਂ ਉਨ੍ਹਾਂ ਦਾਮਿਨੀ ਐਪ ਬਾਰੇ ਦੱਸਿਆ ਕਿ ਇਹ ਐਪ ਜੀ. ਪੀ. ਐਸ. ਦੀ ਮੱਦਦ ਨਾਲ ਨੇੜਲੇ ਸਥਾਨਾਂ ’ਤੇ ਅਸਮਾਨੀ ਬਿਜਲੀ ਚਮਕਣ ਤੋਂ ਤਕਰੀਬਨ ਅੱਧਾ ਘੰਟਾ ਅਗੇਤੀ ਚੇਤਾਵਨੀ ਦਿੰਦੀ ਹੈ।ਇਸ ਤੋਂ ਇਲਾਵਾ ਮੌਸਮ ਐਪ, ਜੋ ਕਿਸੇ ਵੀ ਖੇਤਰ ਲਈ ਮੌਸਮ ਦੀ ਰਿਪੋਰਟ ਇੱਕ ਚਿੱਤਰ ਨਕਸ਼ੇ ਰਾਹੀਂ ਦਿੰਦੀ ਹੈ। ਇਹ ਮੋਬਾਈਲ-ਅਧਾਰਤ ਐਪਲੀਕੇਸ਼ਨ ਵੱਖ-ਵੱਖ ਥਾਵਾਂ ਲਈ 1 ਤੋਂ 3 ਘੰਟੇ ਪਹਿਲਾਂ ਮੌਸਮ ਦੀ ਚੇਤਾਵਨੀ ਪ੍ਰਦਾਨ ਕਰਦੀ ਹੈ। ਇਸ ਐਪ ’ਤੇ ਦਿਨ ਵਿਚ 8 ਵਾਰ ਮੌਸਮ ਦੀ ਜਾਣਕਾਰੀ ਅੱਪਡੇਟ ਹੁੰਦੀ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵਿਖੇ ਜ਼ਿਲ੍ਹਾ ਐਗਰੋਮੈਟ ਯੂਨਿਟ ਦੇ ਮੌਸਮ ਮਾਹਿਰ ਜਗਜੀਵਨ ਸਿੰਘ ਨੇ ਦੱਸਿਆ ਕਿ ਕਿਸਾਨ ਭਰਾਵਾਂ ਅਤੇ ਹੋਰ ਵਰਗ ਦੇ ਲੋਕਾਂ ਤੱਕ ਮੋਬਾਇਲ ਰਾਹੀਂ ਮੌਸਮ ਅਤੇ ਖੇਤੀਬਾੜੀ ਦੀ ਸਹੀ ਜਾਣਕਾਰੀ ਪਹੁੰਚਾਉਣ ਲਈ ਮੇਘਦੂਤ, ਦਾਮਿਨੀ ਅਤੇ ਮੌਸਮ ਐਪ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨ ਐਪਸ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ਤੇ ਉਪਲੱਬਧ ਹਨ। ੳਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸਾਨੀ ਭਾਈਚਾਰੇ ਅਤੇ ਆਮ ਲੋਕਾਂ ਨੂੰ ਇਨ੍ਹਾਂ ਐਪਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਮੌਸਮ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਕਰਕੇ ਵੱਧ ਮੁਨਾਫ਼ਾ ਕਮਾਇਆ ਜਾ ਸਕੇ।

हिंदी






