ਭਾਸ਼ਾ ਵਿਭਾਗ ਪੰਜਾਬ ਨੇ ਸ਼ਹੀਦ -ਏ- ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

Sorry, this news is not available in your requested language. Please see here.

ਭਾਸ਼ਾ ਵਿਭਾਗ ਪੰਜਾਬ ਨੇ ਸ਼ਹੀਦ -ਏ- ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
—ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਪਟਿਆਲਾ 28 ਸਤੰਬਰ:

ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫ਼ਤਰ ਵਿਖੇ ਸ਼ਹੀਦ  ਏ- ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਸੋਹੀਆਂਵਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਭਾਈ ਵੀਰ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਦੇ ਮੁਖੀ ਡਾ. ਹਰਜੋਧ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਚਿੰਤਕ ਡਾ. ਲਕਸ਼ਮੀ ਨਰਾਇਣ ਭੀਖੀ ਨੇ ਵਿਸ਼ੇਸ਼ ਵਕਤਾ ਵਜੋਂ ਸ਼ਮੂਲੀਅਤ ਕੀਤੀ। ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਉਤੇ ਅਮਲ ਕਰਨ ਲਈ ਸਭ ਨੂੰ ਅਪੀਲ ਕੀਤੀ।

ਮੁੱਖ ਮਹਿਮਾਨ ਜੱਸੀ ਸੋਹੀਆਂ ਵਾਲੇ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਉਤੇ ਪਹਿਰਾ ਦੇਣਾ ਚਾਹੀਦਾ ਹੈ ਜਿਸ ਨਾਲ ਦੇਸ਼ ਵਿੱਚੋਂ ਬੇਰੁਜ਼ਗਾਰੀ, ਅਨਿਆਏ ਅਤੇ ਹੋਰ ਅਲਾਮਤਾਂ ਖਤਮ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਮੌਜੂਦਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਦੇ ਨਗਰ ਖਟਕੜ ਕਲਾਂ ਤੋਂ ਸ਼ੁਰੂਆਤ ਕੀਤੀ ਸੀ ਤਾਂ ਕਿ ਉਨ੍ਹਾਂ ਦੇ ਸ਼ਹੀਦਾਂ ਦੇ ਪਾਏ ਪੂਰਨਿਆਂ ਉਤੇ ਚੱਲਿਆ ਜਾ ਸਕੇ। ਸ. ਜੱਸੀ ਸੋਹੀਆਂਵਾਲਾ ਨੇ ਕਿਹਾ ਕਿ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਡਾ. ਭੀਮ ਰਾਓ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀ ਸੋਚ ਵਾਲੇ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਈਏ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕੀਤੀ।

ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਡਾ. ਰਣਜੋਧ ਸਿੰਘ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ, ਜਿੱਥੇ ਹੋਈਆਂ ਸ਼ਹਾਦਤਾਂ ਵਰਗੀ ਮਿਸਾਲ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਤੇ ਅਜ਼ਾਦੀ ਦੇ ਪਰਵਾਨਿਆਂ ਦੀਆਂ ਸਹੀਦੀਆਂ ਵਿੱਚ ਵੀ ਵੱਡਾ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ। ਜਿਨ੍ਹਾਂ ਵਿਚੋਂ ਸ. ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਦਾ ਰੁਤਬਾ ਮਿਲਿਆ ਹੋਇਆ ਹੈ। ਜਿਸ ਤੋਂ ਸਾਡੀ ਅਜੋਕੀ ਪੀੜ੍ਹੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਮੁੱਖ ਵਕਤਾ ਡਾ. ਲਕਸ਼ਮੀ ਨਰਾਇਣ ਭੀਖੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਹਰ ਵਰਗ ਲਈ ਇੱਕ ਜੁਝਾਰੂ ਤੇ ਤਰਕ ਮਈ ਫ਼ਲਸਫ਼ਾ ਦਿੱਤਾ ਹੈ। ਜਿਸ ਉਤੇ ਚੱਲ ਕੇ ਸਾਡਾ ਦੇਸ਼ ਹਰ ਪੱਖੋਂ ਤਰੱਕੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਾਹਿਤ ਦਾ ਬਹੁਤ ਵੱਡਾ ਗਿਆਤਾ ਤੇ ਲਿਖਾਰੀ ਸੀ ਅਫ਼ਸੋਸ ਦੀ ਗੱਲ ਇਹ ਹੈ ਕਿ ਉਸ ਦੀ ਸ਼ਖ਼ਸੀਅਤ ਦੇ ਇਸ ਪਹਿਲੂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਸਾਨੂੰ ਭਗਤ ਸਿੰਘ ਦੁਆਰਾ ਰਚਿਆ ਸਾਹਿਤ ਪੜ੍ਹਨਾ ਚਾਹੀਦਾ ਹੈ ਅਤੇ ਉਸ ਉਤੇ ਅਮਲ ਕਰਨਾ ਚਾਹੀਦਾ ਹੈ। ਇਸ ਮੌਕੇ ਅਲਮਸਤ ਥੀਏਟਰ ਗਰੁੱਪ ਵੱਲੋਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਇਆ ਗੁਰਪ੍ਰਗਟ ਸਿੰਘ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਗੀਤ ਹੈ ਇਹ ਗੀਤ ਹੈ’ ਖੇਡਿਆ ਗਿਆ। ਕਮਲਜੀਤ ਟਿੰਮੀ ਤੇ ਵਿਕਾਸ ਨੇ ਗੀਤ ਪੇਸ਼ ਕੀਤੇ। ਮੰਚ ਸੰਚਾਲਨ ਸਹਾਇਕ ਨਿਰਦੇਸ਼ਕ ਤੇਜਿੰਦਰ ਸਿੰਘ ਗਿੱਲ ਨੇ ਕੀਤਾ। ਇਸ ਮੌਕੇ ਨਾਟਕਕਾਰ ਪ੍ਰਾਣ ਸੱਭਰਵਾਲ, ਹਰਜੀਤ ਕੈਂਥ ਤੇ ਹੋਰ ਸਾਹਿਤਕ ਸ਼ਖ਼ਸੀਅਤਾਂ ਹਾਜ਼ਰ ਸਨ। ਰੰਗਕਰਮੀਆਂ ਤੇ ਮਹਿਮਾਨਾਂ ਨੂੰ ਬੂਟਾ ਪ੍ਰਸ਼ਾਦ ਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਅਖੀਰ ‘ਚ ਸਹਾਇਕ ਨਿਰਦੇਸ਼ਕ ਸਤਨਾਮ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਹਾਇਕ ਨਿਰਦੇਸ਼ਕਾ ਹਰਭਜਨ ਕੌਰ, ਪਰਵੀਨ ਕੁਮਾਰ, ਅਮਰਿੰਦਰ ਸਿੰਘ, ਸੁਰਿੰਦਰ ਕੌਰ, ਜਸਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ।