ਮਾਨਸਿਕ ਰੋਗਾਂ ਦਾ ਇਲਾਜ ਸਾਧਾਂ ਕੋਲ ਨਹੀਂ, ਡਾਕਟਰਾਂ ਕੋਲ ਹੈ : ਡਾ. ਚੀਮਾ

Sorry, this news is not available in your requested language. Please see here.

—- ਜ਼ਿਲ੍ਹਾ ਹਸਪਤਾਲ ‘ਚ ਵਿਦਿਆਰਥੀਆਂ ਨੇ ਖੇਡਿਆ ਨੁੱਕੜ ਨਾਟਕ

ਐਸ.ਏ.ਐਸ.ਨਗਰ, 11 ਅਕਤੂਬਰ:

ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸਬੰਧ ਵਿਚ ਸਥਾਨਕ ਜ਼ਿਲ੍ਹਾ ਹਸਪਤਾਲ ਵਿਚ ਨੁੱਕੜ ਨਾਟਕ ਰਾਹੀਂ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ. ਐਸ. ਚੀਮਾ ਨੇ ਦਸਿਆ ਕਿ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਨਾਟਕ ਰਾਹੀਂ ਦਸਿਆ ਕਿ ਮਾਨਸਿਕ ਰੋਗ ਹੋਰ ਰੋਗਾਂ ਵਰਗੇ ਹੀ ਹਨ ਜਿਨ੍ਹਾਂ ਦਾ ਇਲਾਜ ਸੰਭਵ ਹੈ, ਇਨ੍ਹਾਂ ਰੋਗਾਂ ਨੂੰ ਲੁਕਾਉਣਾ ਨਹੀਂ ਚਾਹੀਦਾ। ਉਨ੍ਹਾਂ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਨਿਕਲ ਕੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰਾਂ ਕੋਲੋਂ ਇਲਾਜ ਕਰਾਉਣ ਲਈ ਆਖਿਆ । ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਦਾ ਇਲਾਜ ਅਖੌਤੀ ਸਾਧਾਂ/ਬਾਬਿਆਂ ਕੋਲ ਨਹੀਂ ਸਗੋਂ ਡਾਕਟਰਾਂ ਕੋਲ ਹੈ l ਸੂਬੇ ਦੇ ਹਰ ਵੱਡੇ ਸਰਕਾਰੀ ਹਸਪਤਾਲ ਵਿਚ ਮਾਨਸਿਕ ਰੋਗਾਂ ਦੇ ਡਾਕਟਰ ਮੌਜੂਦ ਹਨ ਜਿੱਥੇ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਨਸ਼ਾਖੋਰੀ ਵੀ ਮਾਨਸਿਕ ਰੋਗ ਹੈ ਜਿਸਦਾ ਇਲਾਜ ਸੰਭਵ ਹੈ । ਮਾਨਸਿਕ ਰੋਗਾਂ ਦੇ ਲੱਛਣਾਂ ਵਿਚ ਬਹੁਤ ਘੱਟ ਜਾਂ ਜ਼ਿਆਦਾ ਨੀਂਦ ਆਉਣਾ, ਭੁੱਖ ਘੱਟ ਜਾਂ ਜ਼ਿਆਦਾ ਲਗਣਾ, ਮਜਬੂਰ ਜਾਂ ਬੇਆਸ ਮਹਿਸੂਸ ਕਰਨਾ ਬਹੁਤ ਜ਼ਿਆਦਾ ਸੋਚਣਾ, ਵਾਰ-ਵਾਰ ਸ਼ੀਸ਼ਾ ਵੇਖਣਾ, ਲੋਕਾਂ ਤੋਂ ਦੂਰ ਜਾਣਾ, ਮਨ ਦਾ ਉਦਾਸ ਰਹਿਣਾ, ਕਿਸੇ ਨਾਲ ਗੱਲ ਕਰਨ ਨੂੰ ਦਿਲ ਨਾ ਕਰਨਾ, ਰੋਣ ਜਾਂ ਖ਼ੁਦਕੁਸ਼ੀ ਕਰਨ ਨੂੰ ਦਿਲ ਕਰਨਾ ਆਦਿ ਸ਼ਾਮਿਲ ਹਨ l ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ । ਇਸ ਮੌਕੇ ਐਸ. ਐਮ. ਓ. ਡਾ. ਵਿਜੇ ਭਗਤ, ਡਾ. ਪੁਨੀਤ ਚੂਚਰਾ ਵੀ ਮੌਜੂਦ ਸਨ l