ਕੋਵਿਡ ਪਾਜ਼ਟਿਵ ਲੋੜਵੰਦ ਵਿਅਕਤੀਆਂ ਨੂੰ ਭੋਜਣ ਕਿੱਟਾਂ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਵਚਨਬੱਧ
ਪਠਾਨਕੋਟ: 18 ਮਈ 2021:– ( )ਕੋਵਿਡ-19 ਮਹਾਂਮਾਰੀ ਦੇ ਪੇਂਡੂ ਖੇਤਰਾਂ ’ਚ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜ ਸਰਕਾਰ ਵੱਲੋਂ ‘ਪੇਂਡੂ ਕੋਵਿਡ ਫਤਿਹ ਪੋ੍ਰਗਰਾਮ’ ਨੂੰ ਜ਼ਮੀਨੀ ਪੱਧਰ ‘ਤੇ ਜ਼ੋਰਦਾਰ ਢੰਗ ਲਾਗੂ ਕਰਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਦੇ ਸਰਪੰਚਾਂ ਤੇ ਹੋਰ ਨੁਮਾਇੰਦਿਆਂ ਨਾਲ ਵਰਚੂਅਲ ਪ੍ਰੋਗਰਾਮ ਆਯੋਜਿਤ ਕਰਕੇ ਗੱਲਬਾਤ ਕੀਤੀ , ਉਨ੍ਹਾਂ ਰਾਜ ਦੇ ਸਮੂਹ ਸਰਪੰਚਾਂ ਨੂੰ ਕਰੋਨਾ ਦੀ ਜੰਗ ’ਚ ਮੋਹਰੀ ਹੋ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ, ਤਾਂ ਜੋ ਕਰੋਨਾ ਦੀ ਇਸ ਨਾਮੁਰਾਦ ਬਿਮਾਰੀ ਦਾ ਮੁਕੰਮਲ ਤੌਰ ਤੇ ਖਾਤਮਾ ਕੀਤਾ ਜਾ ਸਕੇ।
ਵਰਚੂਅਲ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਪਾਜ਼ਟਿਵ ਲੋੜਵੰਦ ਵਿਅਕਤੀਆਂ ਨੂੰ ਭੋਜਣ ਕਿੱਟਾਂ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੋਵਿਡ ਪਾਜ਼ਟਿਵ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਆਕਸ਼ੀਜਨ, ਵੈਕਸੀਨ ਅਤੇ ਹੋਰ ਲੋੜੀਦੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਰੋਨਾ ਨਾਲ ਹੋਣ ਵਾਲੀ ਮੌਤ ਦਰ ਨੂੰ ਰੋਕਿਆ ਜਾ ਸਕੇ ਅਤੇ ਕਰੋਨਾ ਮਹਾਂਮਾਰੀ ਦਾ ਮੁਕੰਮਲ ਸਫਾਇਆ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ ਪੇਂਡੂ ਵਿਕਾਸ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਰਪੰਚਾਂ ਨੂੰ ਪਿੰਡ ਪੱਧਰ ’ਤੇ ਠੀਕਰੀ ਪਹਿਰਾ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਲਕੀ ਖਾਂਸੀ, ਬੁਖਾਰ, ਜੁਖਾਮ ਹੋਣ ’ਤੇ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ, ਤਾਂ ਜੋ ਮੁੱਢਲੇ ਪੱਧਰ ’ਤੇ ਹੀ ਬਿਮਾਰੀ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਹਰੇਕ ਸਰਪੰਚ, ਪੰਚਾਇਤ ਦੀ ਜਿੰਮੇਵਾਰੀ ਬਣਦੀ ਹੈ ਕਿ ਕੋਵਿਡ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਹਿਰ ਡਾਕਟਰ ਤੋਂ ਹੀ ਦਵਾਈ ਲੈਣ ਅਤੇ ਆਪਣੇ ਆਪ ਲਈਆਂ ਦਵਾਈਆਂ ਨੁਕਸਾਨ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਚਾਇਤਾਂ ਦੇ ਸਹਿਯੋਗ ਬਿਨ੍ਹਾਂ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਇਹ ਵਰਚੂਅਲ ਪ੍ਰੋਗਰਾਮ ਕਰੀਬ 60 ਵੱਖ ਵੱਖ ਸਥਾਨਾਂ ਤੇ ਕਰਵਾਇਆ ਗਿਆ ਜਿਸ ਵਿੱਚ ਸਬੰਧਤ ਪਿੰਡਾਂ ਦੇ ਸਰਪੰਚਾਂ ਨੇ ਪਹੁੰਚ ਕੀਤੀ ਅਤੇ ਸਬੰਧਤ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।

हिंदी






