ਮੋਤੀਆ ਬਿੰਦ ਵਿਸ਼ੇਸ਼ ਕੈਂਪਾਂ ਵਿੱਚ ਜਾਂਚ ਤੋਂ ਬਾਅਦ ਪੀੜਤਾਂ ਦੇ ਕੀਤੇ ਜਾਣਗੇ ਮੁਫ਼ਤ ਆਪ੍ਰੇਸ਼ਨ: ਸਿਵਲ ਸਰਜਨ
—3 ਨਵੰਬਰ ਨੂੰ ਹਮੀਦੀ ਵਿੱਚ ਲੱਗੇਗਾ ਕੈਂਪ
ਬਰਨਾਲਾ, 31 ਅਕਤੂਬਰ
ਸਿਹਤ ਵਿਭਾਗ ਵੱਲੋਂ ਮੋਤੀਆ ਬਿੰਦ ਜਾਂਚ ਕੈਂਪ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਏ ਜਾ ਰਹੇ ਹਨ ਤਾਂ ਜੋ ਜ਼ਿਲ੍ਹੇ ਨੂੰ ਮੋਤੀਆ ਮੁਕਤ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਔਲਖ ਨੇ ਦੱਸਿਆ ਕਿ ਅੱਖਾਂ ਦੇ ਮਾਹਿਰ ਡਾਕਟਰ ਇੰਦੂ ਬਾਂਸਲ ਅਤੇ ਡਾ.ਅਮੋਲਪ੍ਰੀਤ ਕੌਰ ਅਤੇ ਕਰਮਜੀਤ ਸਿੰਘ ਅਪਥਾਲਮਿਕ ਅਫਸਰ ਸਿਵਲ ਹਸਪਤਾਲ ਬਰਨਾਲਾ, ਗੁਰਵਿੰਦਰ ਸਿੰਘ ਅਪਥਾਲਮਿਕ ਅਫਸਰ ਐਸ ਡੀ ਐਚ ਤਪਾ ਅਤੇ ਰਾਜ ਕੁਮਾਰ ਅਪਥਾਲਮਿਕ ਅਫਸਰ ਸੀ ਐਚ ਸੀ ਮਹਿਲ ਕਲਾਂ ਅਤੇ ਸਿਹਤ ਕਰਮਚਾਰੀਆਂ ਦੀ ਟੀਮ ਵੱਲੋਂ ਕੈਂਪਾਂ ਵਿੱਚ ਘੱਟ ਨਜ਼ਰ ਵਾਲੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਮੋਤੀਆ ਬਿੰਦ ਤੋਂ ਪੀੜਤ ਵਿਅਕਤੀਆਂ ਦੇ ਸਿਵਲ ਹਸਪਤਾਲ ਬਰਨਾਲਾ ਵਿਖੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਅਪ੍ਰੇਸ਼ਨ ਕੀਤੇ ਜਾ ਰਹੇ ਹਨ।
ਐੱਸ ਐੱਮ ਓ ਡਾ. ਸਤਵੰਤ ਸਿੰਘ ਔਜਲਾ , ਬਲਰਾਜ ਸਿੰਘ ਬੀ ਈ ਈ ਅਤੇ ਭੁਪਿੰਦਰ ਸਿੰਘ ਸਿਹਤ ਇੰਸਪੈਕਟਰ ਹਮੀਦੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਿਹਤ ਬਲਾਕ ਧਨੌਲਾ ਦੇ ਪਿੰਡ ਹਮੀਦੀ ਵਿਖੇ 3 ਨਵੰਬਰ ਦਿਨ ਵੀਰਵਾਰ ਗੁਰੂਘਰ ਨੇੜੇ ਬੱਸ ਸਟੈਂਡ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਸਿਹਤ ਵਿਭਾਗ ਵੱਲੋਂ ਪੰਜਾਬ ਨੂੰ ਮੋਤੀਆ ਬਿੰਦ ਤੋਂ ਮੁਕਤ ਕਰਨ ਲਈ ਪੰਚਾਇਤਾਂ, ਧਾਰਮਿਕ ਸੰਸਥਾਵਾਂ,ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਨੂੰ ਲੋਕ ਭਲਾਈ ਦੇ ਇਸ ਕੰਮ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

हिंदी






