ਰਾਸ਼ਨ ਕਾਰਡਾਂ ਦੀ ਪੜਤਾਲ ਮੌਕੇ ਪੰਜਾਬ ਸਰਕਾਰ ਦੀਆਂ ਸ਼ਰਤਾਂ ਨੂੰ ਧਿਆਨ ਵਿੱਚ ਰੱਖਣ ਪੜਤਾਲੀਆ ਕਮੇਟੀਆਂ – ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਰਾਸ਼ਨ ਕਾਰਡਾਂ ਦੀ ਪੜਤਾਲ ਮੌਕੇ ਪੰਜਾਬ ਸਰਕਾਰ ਦੀਆਂ ਸ਼ਰਤਾਂ ਨੂੰ ਧਿਆਨ ਵਿੱਚ ਰੱਖਣ ਪੜਤਾਲੀਆ ਕਮੇਟੀਆਂ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 14 ਸਤੰਬਰ –

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਪੱਸ਼ਟ ਕੀਤਾ ਹੈ ਕਿ  ਸਮਾਰਟ ਰਾਸ਼ਨ ਕਾਰਡ ਦਾ ਲਾਭ ਕੇਵਲ ਉਨਾਂ ਪਰਿਵਾਰਾਂ ਨੂੰ ਮਿਲੇਗਾ ਜਿਸ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿਚ ਨਾ ਹੋਵੇ, ਪਰਿਵਾਰ ਦੀ 2.5 (ਢਾਈ) ਏਕੜ ਨਹਿਰੀ/ਚਾਹੀ ਜਾਂ 5 ਏਕੜ ਤੋ ਵੱਧ ਬਰਾਨੀ ਜ਼ਮੀਨ ਅਤੇ ਸੇਮ ਨਾਲ ਸਬੰਧਤ ਇਲਾਕੇ ਵਿਚ 5 ਏਕੜ ਤੋਂ ਵੱਧ ਜਮੀਨ ਨਾ ਹੋਵੇ। ਇਸ ਤੋਂ ਇਲਾਵਾ ਪਰਿਵਾਰ ਦਾ ਕੋਈ ਕਾਰੋਬਾਰ ਜਾਂ ਕਿਰਾਏ ਜਾਂ ਵਿਆਜ ਤੋਂ ਸਲਾਨਾ ਆਮਦਨ 60,000/- ਰੁਪਏ ਤੋਂ ਜਿਆਦਾ ਨਾ ਹੋਵੇ। ਸਮਾਰਟ ਕਾਰਡ ਧਾਰਕ ਲਾਭਪਾਤਰੀ ਪਰਿਵਾਰ ਕੋਲ ਸ਼ਹਿਰੀ ਖੇਤਰ ਵਿਚ 100 ਗਜ ਤੋਂ ਵੱਧ ਰਿਹਾਇਸੀ ਮਕਾਨ/750 ਵਰਗ ਫੁੱਟ ਤੋਂ ਵੱਧ ਦਾ ਫਲ਼ੈਟ ਨਹੀਂ ਹੋਣੇ ਚਾਹੀਦੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਅਧਾਰ ਨੰਬਰ, ਮੋਬਾਇਲ ਨੰਬਰ ਅਤੇ ਅਕਾਂਊਂਟ ਨੰਬਰ ਆਪਣੀ ਪਹਿਚਾਣ ਅਤੇ ਤਸਦੀਕ ਲਈ ਵਰਤਣ ਦੀ ਸਹਿਮਤੀ ਦਿੰਦੇ ਹੋਣ ਅਤੇ ਪਰਿਵਾਰ ਦਾ ਕੋਈ ਮੈਂਬਰ ਆਮਦਨ ਕਰ ਦਾਤਾ/ਵੈਟ ਐਕਟ-2005/ ਜੀ.ਐਸ.ਟੀ ਅਧੀਨ ਰਸਿਜਟਰਡ ਵਿਅਕਤੀ/ਸਰਵਿਸ ਟੈਕਸ ਦਾਤਾ/ਪ੍ਰਫੈਸ਼ਨਲ ਟੈਕਸ ਦਾਤਾ ਨਾ ਹੋਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਿਨਾਂ ਪਰਿਵਾਰਾਂ ਦੇ ਘਰ ਚਾਰ ਪਹੀਆ ਵਾਹਨ, ਘਰ ਵਿੱਚ ਏ.ਸੀ ਲੱਗਾ ਹੋਇਆ ਹੋਵੇ, ਇਨਕਮ ਟੈਕਸ ਭਰਨ ਵਾਲੇ ਅਤੇ ਜਿਨਾਂ ਦਾ ਕੋਈ ਪਰਿਵਾਰਕ ਮੈਂਬਰ ਵਿਦੇਸ਼ ਗਿਆ ਹੈ, ਉਨਾਂ ਪਰਿਵਾਰਾਂ ਦੇ ਰਾਸ਼ਨ ਕਾਰਡ ਵੀ ਕੱਟੇ ਜਾਣਗੇ। ਡਿਪਟੀ ਕਮਿਸ਼ਨਰ ਨੇ ਪੜਤਾਲੀਆ ਕਮੇਟੀਆਂ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੜਤਾਲ ਕਰਨ ਮੌਕੇ ਪੰਜਾਬ ਸਰਕਾਰ ਵੱਲੋਂ ਜਾਰੀ ਉਪਰੋਕਤ ਸ਼ਰਤਾਂ ਨੂੰ ਧਿਆਨ ਵਿੱਚ ਰੱਖਣ ਅਤੇ ਆਪਣੀ ਪੜਤਾਲ ਨੂੰ ਪੂਰੀ ਨਿਰਪੱਖਤਾ ਤੇ ਇਮਾਨਦਾਰੀ ਨਾਲ ਕਰਨ ਤਾਂ ਜੋ ਸਹੀ ਅੰਕੜੇ ਸਾਹਮਣੇ ਆ ਸਕਣ। ਉਨ੍ਹਾਂ ਸਮੂਹ ਰਾਸ਼ਨ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਪੜਤਾਲ ਕਮੇਟੀਆਂ ਨੂੰ ਪੂਰਾ ਸਹਿਯੋਗ ਕਰਨ।