ਰੇਬੀਜ਼ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਣ ਹੀ ਇੱਕਮਾਤਰ ਉਪਾਅ :  ਸਿਵਲ ਸਰਜਨ ਡਾ. ਗੋਇਲ

Sorry, this news is not available in your requested language. Please see here.

ਰੇਬੀਜ਼ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਣ ਹੀ ਇੱਕਮਾਤਰ ਉਪਾਅ :  ਸਿਵਲ ਸਰਜਨ ਡਾ. ਗੋਇਲ

ਫਾਜ਼ਿਲਕਾ 28 ਸਤੰਬਰ :

ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਕੁਮਾਰ ਗੋਇਲ ਵਲੋਂ ਆਮ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਪ੍ਰਤੀ ਸੁਚੇਤ ਕਰਨ ਸਬੰਧੀ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਦਫ਼ਤਰ ਫਾਜ਼ਿਲਕਾ ਵਿੱਚ ਉਨ੍ਹਾਂ ਇਸ ਦਿਨ ਸਬੰਧੀ ਇਕ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬਬਿਤਾ, ਡੀਐਫਪੀਓ ਡਾ. ਕਵਿਤਾ ਸਿੰਘ, ਐਪੀਡੀਮਲੋਜਿਸਟ ਡਾ. ਸੁਨੀਤਾ ਸਮੇਤ ਹੋਰ ਅਧਿਕਾਰੀ ਹਾਜਰ ਸਨ।

ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਡਾ. ਸਤੀਸ਼ ਕੁਮਾਰ ਗੋਇਲ ਨੇ ਕਿਹਾ ਕਿ ਸਿਹਤ ਵਿਭਾਗ ਰੇਬੀਜ਼ ਦੀ ਬਿਮਾਰੀ ‘ਤੇ ਕਾਬੂ ਪਾਉਣ ਦੇ ਮਕਸਦ ਨਾਲ ਹਰ ਸਾਲ 28 ਸਤੰਬਰ  ਨੂੰ ਵਿਸ਼ਵ ਰੇਬੀਜ਼ ਦਿਵਸ ਮਨਾਉਂਦਾ ਹੈ, ਜਿਸ ਦਾ ਮੁੱਖ ਉਦੇਸ਼ ਰੇਬੀਜ਼ ਦੀ ਬਿਮਾਰੀ ਤੇ ਇਸ ਦੀ ਰੋਕਥਾਮ ਬਾਰੇ ਆਮ ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਹੈ। ਵਿਸ਼ਵ ਰੇਬੀਜ਼ ਦਿਵਸ 2022 ਦਾ ਥੀਮ ਰੇਬੀਜ਼: “ਵਨ ਹੈੈਲਥ-ਜ਼ੀਰੋ ਡੈੱਥ” ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾਅ ਦੀ ਬਿਮਾਰੀ ਤੋਂ ਸਾਵਧਾਨ ਕਰਦਿਆਂ ਦੱਸਿਆ ਕਿ ਕੁੱਤੇ ਤੋਂ ਇਲਾਵਾ ਬਿੱਲੀ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਨਾਲ ਵੀ ਰੇਬੀਜ਼ ਹੋਣ ਦਾ ਖਤਰਾ ਹੁੰਦਾ ਹੈ, ਜੋ ਵਾਇਰਸ ਨਾਲ ਫੈਲਣ ਵਾਲਾ ਇਕ ਬੇਹੱਦ ਗੰਭੀਰ ਰੋਗ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੇਸ਼ ਵਿੱਚ ਲਗਭਗ 20 ਹਜ਼ਾਰ ਲੋਕਾਂ ਦੀ ਰੇਬੀਜ਼ ਦੀ ਲਾਗ ਕਾਰਨ ਮੌਤ ਹੋ ਜਾਂਦੀ ਹੈ ਅਤੇ ਰੇਬੀਜ਼ ਤੋਂ ਬਚਾਅ ਲਈ ਟੀਕਾਕਰਣ ਹੀ ਇੱਕਮਾਤਰ ਉਪਾਅ ਹੈ।

ਡਾ. ਗੋਇਲ ਨੇ ਦੱਸਿਆ ਕਿ ਰੇਬੀਜ਼ ਇਕ ਅਜਿਹਾ ਵਾਇਰਸ ਲਾਗ ਹੈ, ਜੋ ਆਮ ਤੌਰ ‘ਤੇ ਸੰਕ੍ਰਮਤ ਜਾਨਵਰਾਂ ਦੇ ਕੱਟਣ ਨਾਲ ਫੈਲਦਾ ਹੈ। ਰੇਬੀਜ਼ ਦਾ ਵਾਇਰਸ ਕਈ ਵਾਰ ਪਾਲਤੂ ਜਾਨਵਰ ਦੇ ਚੱਟਣ ਜਾਂ ਜਾਨਵਰ ਦੇ ਲਾਰ ਨਾਲ ਸਿੱਧਾ ਸੰਪਰਕ ਵਿਚ ਹੋਣ ਨਾਲ ਵੀ ਫੈਲ ਜਾਂਦਾ ਹੈ। ਰੇਬੀਜ਼ ਇਕ ਜਾਨਲੇਵਾ ਰੋਗ ਹੈ, ਜਿਸ ਦੇ ਲੱਛਣ ਬੇਹੱਦ ਦੇਰ ਨਾਲ ਨਜ਼ਰ ਆਉਂਦੇ ਹਨ। ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਜਾਨਲੇਵਾ ਸਾਬਤ ਹੋ ਜਾਂਦਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰਾਂ ਵਿਚ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦਾ ਟੀਕਾਕਰਣ ਜ਼ਰੂਰ ਕਰਵਾਉਣ ਤਾਂ ਜੋ ਕੁੱਤੇ ਦੇ ਕੱਟਣ ‘ਤੇ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਰੇਬੀਜ਼ ਦਾ ਕੋਈ ਇਲਾਜ ਨਹੀਂ, ਸਿਰਫ਼ ਬਚਾਅ ਲਈ ਉਪਰਾਲੇ ਹੀ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ‘ਤੇ ਅਣਗਹਿਲੀ ਨਹੀਂ ਵਰਤਣੀ ਚਾਹੀਦੀ, ਸਗੋਂ ਸਰਕਾਰੀ ਹਸਪਤਾਲਾਂ ਵਿਚ ਉਪਲਬਧ ਮੁਫਤ ਇਲਾਜ ਦਾ ਫਾਇਦਾ ਉਠਾ ਕੇ ਇਸ ਬਿਮਾਰੀ ਤੋਂ ਬਚਣਾ ਚਾਹੀਦਾ ਹੈ।

ਸਹਾਇਕ ਸਿਵਲ ਸਰਜਨ ਡਾ. ਬਬਿਤਾ ਤੇ ਡੀਐਫਪੀਓ ਡਾ. ਕਵਿਤਾ ਸਿੰਘ ਨੇ ਕਿਹਾ ਕਿ ਰੇਬੀਜ਼ ਦੇ 99 ਫੀਸਦੀ ਮਾਮਲੇ ਕੇਵਲ ਕੁੱਤਿਆਂ ਦੇ ਕੱਟਣ ਨਾਲ ਸਬੰਧਤ ਹੁੰਦੇ ਹਨ, ਜਿਸ ਦੇ ਇਲਾਜ ਲਈ ਐਂਟੀ ਰੇਬੀਜ਼ ਵੈਕਸੀਨ ਮੁਫਤ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਸਹਾਇਤਾ ਦੇ ਤੌਰ ਉੱਤੇ ਜ਼ਖਮ ਨੂੰ ਵਗਦੇ ਪਾਣੀ ਵਿਚ ਸਾਬਣ ਨਾਲ 15 ਮਿੰਟ ਤੱਕ ਧੋਣ ਨਾਲ ਇਸ ਬਿਮਾਰੀ ਦੇ ਜ਼ੋਖਮ ਨੂੰ ਘਟਾਇਆ ਜਾ ਸਕਦਾ ਹੈ। ਕੁੱਤੇ ਦੇ ਕੱਟਣ ਉੱਤੇ ਤੁਰੰਤ ਨੇੜਲੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰੀ ਸਲਾਹ ਅਨੁਸਾਰ ਬਿਮਾਰੀ ਤੋਂ ਬਚਾਅ ਲਈ ਐਂਟੀ ਰੇਬੀਜ਼ ਦੇ ਟੀਕੇ ਲਗਵਾਉਣੇ ਬੇਹੱਦ ਜ਼ਰੂਰੀ ਹਨ, ਜਿਸ ਨਾਲ ਰੇਬੀਜ਼ ਬਿਮਾਰੀ ਹੋਣ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਭਾਰਤ ਸਰਕਾਰ ਨੇ ਸਾਲ 2030 ਤੱਕ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੇ ਰੇਬੀਜ਼ ਨੂੰ ਖਤਮ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।