ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਟਾਲਾ ਨੇ ਸਲੱਮ ਏਰੀਏ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਇਆ

Sorry, this news is not available in your requested language. Please see here.

ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ
ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉੱਦਮ ਨਾਲ ਹੇਠਲੇ ਪੱਧਰ ਤੱਕ ਸਿਹਤ ਸੇਵਾਵਾਂ ਦਾ ਲਾਭ ਮਿਲੇਗਾ – ਡਾ. ਨਿੱਜਰ
ਬਟਾਲਾ, 22 ਜੂਨ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਗਰੀਬ ਤੇ ਲੋੜਵੰਦ ਵਿਅਕਤੀਆਂ ਦੀਆਂ ਬਰੂਹਾਂ ਤੱਕ ਸਿਹਤ ਸੇਵਾਵਾਂ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਗੁਰਦਾਸਪੁਰ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਅੱਜ ਬਟਾਲਾ ਸ਼ਹਿਰ ਦੇ ਸਲੱਮ ਏਰੀਏ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ।
ਇਸ ਮੁਫ਼ਤ ਮੈਡੀਕਲ ਕੈਂਪ ਦੀ ਸ਼ੁਰੂਆਤ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਵੱਲੋਂ ਕੀਤੀ ਗਈ। ਇਸ ਮੌਕੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ ਡਾ. ਹਰਪਾਲ ਸਿੰਘ, ਸੁਪਰਡੈਂਟ ਨਗਰ ਨਿਗਮ ਨਿਰਮਲ ਸਿੰਘ, ਮੈਡੀਕਲ ਸਪੈਸ਼ਲਿਸਟ ਡਾ. ਲਲਿਤ ਮੋਹਨ, ਗਾਇਨੀ ਦੀ ਮਾਹਿਰ ਡਾ. ਗਗਨ ਅਤੇ ਸਿਵਲ ਹਸਪਤਾਲ ਦਾ ਹੋਰ ਸਿਹਤ ਅਮਲਾ ਵੀ ਹਾਜ਼ਰ ਸੀ।
ਮੈਡੀਕਲ ਕੈਂਪ ਦੌਰਾਨ ਸਿਵਲ ਹਸਪਤਾਲ ਬਟਾਲਾ ਦੇ ਮਾਹਿਰ ਡਾਕਟਰਾਂ ਵੱਲੋਂ ਝੁੱਗੀਆਂ ਵਿੱਚ ਰਹਿਣ ਵਾਲੀਆਂ ਔਰਤਾਂ, ਮਰਦਾਂ ਅਤੇ ਬੱਚਿਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਡਾਕਟਰਾਂ ਵੱਲੋਂ ਤੰਦਰੁਸਤ ਜੀਵਨ ਲਈ ਵੱਖ-ਵੱਖ ਪਰਹੇਜ਼ਾਂ ਅਤੇ ਸਾਵਧਾਨੀਆਂ ਬਾਰੇ ਵੀ ਦੱਸਿਆ। ਕੈਂਪ ਦੌਰਾਨ ਵਿਸ਼ੇਸ਼ ਤੌਰ ’ਤੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਅਜਿਹੇ ਉਦਮ ਸਦਕਾ ਹਰ ਲੋੜਵੰਦ ਤੱਕ ਸਿਹਤ ਸੇਵਾਵਾਂ ਪਹੁੰਚ ਸਕਣਗੀਆਂ। ਉਨ੍ਹਾਂ ਕਿਹਾ ਕਿ ਕਈ ਵਿਅਕਤੀ ਹਸਪਤਾਲ ਜਾਣ ਦੀ ਅਣਗਿਹਲੀ ਕਰ ਦਿੰਦੇ ਹਨ ਜਾਂ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ ਅਤੇ ਅਜਿਹੇ ਵਿੱਚ ਛੋਟਾ ਰੋਗ ਵੀ ਵਿਗੜ ਕੇ ਵੱਡਾ ਬਣ ਜਾਂਦਾ ਹੈ। ਡਾ. ਨਿੱਜਰ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਸਦਕਾ ਲੋਕਾਂ ਨੂੰ ਮੈਡੀਕਲ ਸੇਵਾ ਮਿਲ ਸਕੇਗੀ ਅਤੇ ਉਹ ਵਧੇਰੇ ਤੰਦਰੁਸਤ ਤੇ ਨਿਰੋਗੀ ਜੀਵਨ ਬਸਰ ਕਰ ਸਕਣਗੇ।
ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ ਡਾ. ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਬਟਾਲਾ ਵਿੱਚ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਸਦਕਾ ਸਿਹਤ ਸੇਵਾਵਾਂ ਦਾ ਘੇਰਾ ਹੋਰ ਵੀ ਵਿਸ਼ਾਲ ਹੋਵੇਗਾ ਅਤੇ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਉਠਾ ਸਕਣਗੇ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਕਈ ਵਿਅਕਤੀਆਂ ਨੂੰ ਸ਼ੂਗਰ ਤੇ ਬਲੱਡ ਪਰੈਸ਼ਰ ਦੀ ਸ਼ਿਕਾਇਤ ਹੈ ਪਰ ਉਨ੍ਹਾਂ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਬਿਮਾਰੀਆਂ ਹੀ ਅੱਗੇ ਚੱਲ ਕੇ ਕਈ ਹੋਰ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ ਅਤੇ ਸਿਹਤ ਲਈ ਹਾਨੀਕਾਰਕ ਸਿੱਧ ਹੁੰਦੀਆਂ ਹਨ। ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ ਅਤੇ ਕਈ ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਪੂਰਾ ਇਲਾਜ ਕਰਾਉਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ।