ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੀਆਂ 2946 ਵਿਦਿਆਰਥਣਾਂ ਵੰਡੇ ਗਏ ਸਮਾਰਟ ਫੋਨ
ਤਰਨ ਤਾਰਨ, 23 ਜਨਵਰੀ :
ਰਾਸ਼ਟਰੀ ਬਾਲੜੀ ਦਿਵਸ ਦੇ ਸੰਦਰਭ ਵਿੱਚ ਜ਼ਿਲੇ ਦੇ ਵੱਖ-ਵੱਖ ਸਕੂਲਾਂ ਵਿੱਚ ਲੇਖਲਿਖਣ, ਪੇਂਟਿੰਗ, ਭਾਸ਼ਣ ਮੁਕਾਬਲੇ ਆਦਿ ਸਬੰਧੀ ਗਤੀਵਿਧੀਆਂ ਕਰਵਾਇਆ ਗਈਆਂ ਹਨ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਲੜਕੀਆਂ ਦੀ ਪੜ੍ਹਾਈ ਲਈ ਸਿੱਖਿਆ ਵਿਭਾਗ ਵੱਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ।ਜਿਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ 2946 ਵਿਦਿਆਰਥਣਾਂ ਨੂੰ ਮੋਬਾਇਲ ਫੋਨ ਵੰਡੇ ਜਾ ਚੱਕੇ ਹਨ, ਜੋ ਕਿ ਇਹਨ੍ਹਾਂ ਵਿਦਿਆਰਥਣਾਂ ਦੀ ਪੜਾਈ ਵਿੱਚ ਬਹੁਤ ਕਾਰਗਾਰ ਸਿੱਧ ਹੋ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਲੜਕੀਆਂ ਦੇ ਜੀਵਨ ਪੱਧਰ ਨੂੰ ਉੱਚਾ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਸੰਦਰਭ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਸੂਬੇ ਦੀਆਂ ਬਾਰਵੀਂ ਜਮਾਤ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਸਮਾਰਟ ਫ਼ੋਨ ਦਾ ਤੋਹਫ਼ਾ ਦਿੱਤਾ ਹੈ।
ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬਾਰਵ੍ਹੀ ਜਮਾਤ ਦੇ ਬੱਚਿਆਂ ਨੂੰ ਸਮਾਰਟ ਫੋਨ ਵੰਡਣ ਸਬੰਧੀ ਯੋਜਨਾ “ਪੰਜਾਬ ਸਮਾਰਟ ਕੁਨੈਕਟ ਸਕੀਮ” ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ 6417 ਵਿਦਿਆਰਥੀਆਂ ਨੂੰ ਇਨ੍ਹਾਂ ਸਮਾਰਟ ਫੋਨਾਂ ਦੀ ਵੰਡ ਕੀਤੀ ਗਈ ਹੈ, ਜਿਹਨਾਂ ਵਿੱਚ 2946 ਲੜਕੀਆਂ ਸ਼ਾਮਿਲ ਹਨ।
ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ 1 ਲੱਖ 73 ਹਜ਼ਾਰ 823 ਵਿਦਿਆਰਥੀਆਂ (ਲੜਕੇ-ਲੜਕੀਆਂ) ਨੂੰ ਇਹ ਸਮਾਰਟ ਫੋਨ ਦਿੱਤੇ ਜਾਣੇ ਹਨ, ਜਿਹਨਾਂ ਵਿੱਚ 86915 ਕੁੜੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਸਮਾਰਟ ਫੋਨ ਜਰੀਏ ਨੌਜਵਾਨਾਂ ਦਾ ਖਾਸ ਕਰਕੇ ਲੜਕੀਆਂ ਦੇ ਡਿਜ਼ੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਮਾਰਟ ਫੋਨ ਦੇਣ ਦਾ ਉਪਰਾਲਾ ਕੀਤਾ ਹੈ, ਜਿਸ ਲਈ ਸਾਲ 2018-19 ਦੇ ਬਜ਼ਟ ਵਿੱਚ ਹੀ 92 ਕਰੋੜ ਰੁਪਏ ਵਿਸੇਸ਼ ਤੌਰ ਤੇ ਰੱਖੇ ਗਏ ਸਨ। ਸਮਾਰਟ ਫੋਨ ਦੇ ਨਾਲ ਬੱਚੇ ਆਧੁਨਿਕ ਸਿੱਖਿਆ, ਕਿੱਤੇ ਦੀ ਚੋਣ, ਕਿੱਤਾਮੁੱਖੀ ਸਿੱਖਿਆ, ਰੋਜ਼ਗਾਰ ਮੌਕਿਆਂ ਅਤੇ ਹੋਰ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣਗੇ। ਇਹ ਸਮਾਰਟ ਫੋਨ ਪ੍ਰਸਿੱਧ ਮੋਬਾਇਲ ਨਿਰਮਾਤਾ ਕੰਪਨੀ ਲਾਵਾ ਵੱਲੋ ਤਿਆਰ ਕੀਤੇ ਗਏ ਹਨ। ਆਧੁਨਿਕ ਸਹੂਲਤਾਂ ਨਾਲ ਲੈਸ ਇਸ ਮੋਬਾਇਲ ਵਿੱਚ ਸਿੱਖਿਆ ਨਾਲ ਸਬੰਧਤ ਸਾਰੇ ਐਪ, ਐਮ-ਸੇਵਾ, ਕੈਪਟਨ ਕੁਨੈਕਟ ਅਤੇ ਹੋਰ ਫੀਚਰ ਪਹਿਲਾਂ ਹੀ ਇੰਨਸਟਾਲ ਹਨ।
ਸਮਾਰਟ ਫੋਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ, ਕਿ ਇਸ ਯੋਜਨਾ ਨਾਲ ਉਨ੍ਹਾਂ ਨੂੰ ਕੋਵਿਡ-19 ਦੌਰਾਨ ਘਰ ਬੈਠ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਵਿੱਚ ਬਹੁਤ ਸਹਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਤਕਨੀਕ ਦੇ ਯੁੱਗ ਵਿੱਚ ਮੋਬਾਇਲ ਫੋਨ ਅਤੇ ਇੰਟਰਨੈਟ ਸੁਵਿਧਾ ਦੀ ਸਮੇਂ ਦੇ ਹਾਣੀ ਬਣਨ ਵਿੱਚ ਮਹੱਤਵਪੂਰਣ ਭੂਮਿਕਾ ਹੈ।

हिंदी






