ਵਿਦਿਆਰਥੀ ਜੀਵਨ ਦੇ ਟੀਚੇ ਮਿੱਥ ਕੇ ਪ੍ਰਾਪਤੀ ਲਈ ਮਿਹਨਤ ਕਰਨ – ਭੁੱਲਰ
—-ਦੇਵ ਸਮਾਜ ਕਾਲਜ ਵਿਖੇ 63ਵੇਂ ਯੁਵਕ ਵਿਰਾਸਤੀ ਮੇਲੇ ਦੀ ਸ਼ੁਰੂਆਤ
ਫਿਰੋਜ਼ਪੁਰ, 18 ਅਕਤੂਬਰ:
ਇੱਥੋਂ ਦੇ ਦੇਵ ਸਮਾਜ ਕਾਲਜ ਲੜਕੀਆਂ ਵਿਖੇ ਪੰਜਾਬ ਯੂਨੀਵਰਸਿਟੀ ਦੇ ਜੋਨਲ ਯੁਵਕ ਤੇ ਵਿਰਾਸਤੀ ਮੇਲੇ ਦੀ ਸ਼ੁਰੂਆਤ ਹੋਈ, ਜਿਸ ਦਾ ਰਸਮੀ ਐਲਾਨ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ, ਸੈਨੇਟ ਮੈਂਬਰ ਪੰਜਾਬ ਯੂਨੀਵਰਸਿਟੀ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਰੋਹਿਤ ਸ਼ਰਮਾ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਯੂਨੀਵਰਸਿਟੀ, ਕਾਲਜ ਦੀ ਪਿੰਸੀਪਲ ਡਾ. ਸੰਗੀਤਾ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਯੂਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ/ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੇ ਯੁਵਕ ਤੇ ਵਿਰਾਸਤੀ ਮੇਲੇ ਵਿਦਿਆਰਥੀਆਂ ਨੂੰ ਆਪਣੀ ਕਲਾ ਤੇ ਪ੍ਰਤਿਭਾ ਦੇ ਪ੍ਰਦਰਸ਼ਨ ਲਈ ਮੌਕਾ ਦਿੰਦੇ ਹਨ। ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਟੀਚੇ ਨਿਰਧਾਰਿਤ ਕਰਨ ਅਤੇ ਨਿਰਧਾਰਿਤ ਟੀਚਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਹਿਨਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਅਸੰਭਵ ਹੈ ਤੇ ਇਸ ਲਈ ਸਾਨੂੰ ਆਪਣੇ ਅਧਿਆਪਕਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦੇਵ ਸਮਾਜ ਕਾਲਜ ਦੀ ਲੜਕੀਆਂ ਦੀ ਸਿੱਖਿਆ ਵਿੱਚ ਦੇਣ ਦੀ ਵੀ ਭਰਪੂਰ ਸਰਾਹਨਾ ਕੀਤੀ। ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਨਾਲ ਸਨਮਾਨਿਤ ਵੀ ਕੀਤਾ ਗਿਆ। ਸ. ਭੁੱਲਰ ਨੇ ਕਿਹਾ ਕਿ ਉਹ ਕਾਲਜ ਵਿੱਚ ਇੰਟਰ ਜੋਨ ਯੁਵਕ ਮੇਲੇ ਸਬੰਧੀ ਵੀ.ਸੀ. ਨੂੰ ਮਿਲਣਗੇ।
ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਨੇ ਕਾਲਜ ਦੀ ਲੜਕੀਆਂ ਦੀ ਸਿੱਖਿਆ ਵਿੱਚ ਦੇਣ, ਪ੍ਰਾਪਤੀਆਂ, ਟੀਚਿਆਂ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜ ਇੰਟਰ-ਜੋਨ ਫੈਸਟੀਵਲ ਕਰਵਾਉਣ ਲਈ ਵੀ ਤਿਆਰ ਹੈ।
ਇਸ ਮੌਕੇ ਮੈਡਮ ਰਾਜਵਿੰਦਰ ਕੌਰ ਪ੍ਰਿੰਸੀਪਲ ਦੇਵ ਸਮਾਜ ਬੀ.ਐਡ. ਕਾਲਜ, ਮੈਡਮ ਸੰਗੀਤਾ ਰੰਗਬੁਲਾ ਪ੍ਰਿੰਸੀਪਲ ਦੇਵ ਸਮਾਜ ਸਕੂਲ, ਮੈਡਮ ਪਲਵਿੰਦਰ ਕੌਰ ਡੀਨ ਯੂਥ ਵੈਲਫੇਅਰ ਦੇਵ ਸਮਾਜ ਕਾਲਜ, ਡਾ. ਰਾਜ ਕੁਮਾਰ ਪੀ.ਆਰ.ਓ. ਅਤੇ ਡਾ. ਕੁਲਬੀਰ ਸਿੰਘ ਭੁੱਲਰ ਵੀ ਹਾਜ਼ਰ ਸਨ।

हिंदी






