ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵਿਧਾਨ ਸਭਾ ਵਿਚ ਚੁੱਕਿਆ ਦਰਿਆ ਦੇ ਰੇਤੇ ਦਾ ਮੁੱਦਾ

Sorry, this news is not available in your requested language. Please see here.

— ਖੇਤਾਂ ਵਿਚ ਆਏ ਰੇਤੇ ਨੂੰ ਚੁੱਕਣ ਲਈ ਹੋਰ ਮੋਹਲਤ ਦੇਣ ਦਾ ਸਮਾਂ ਦੇਣ ਦੀ ਰੱਖੀ ਮੰਗ

ਫਾਜਿ਼ਲਕਾ, 29 ਨਵੰਬਰ:

ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਵੱਡੀ ਮੰਗ ਵਿਧਾਨ ਸਭਾ ਵਿਚ ਉਠਾ ਕੇ ਇੰਨ੍ਹਾਂ ਪਿੰਡਾਂ ਦੇ ਲੋਕਾਂ ਦੀ ਮੁਸਕਿਲ ਦੇ ਹੱਲ ਲਈ ਸਰਕਾਰ ਨੂੰ ਅਪੀਲ ਕੀਤੀ।

ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਵਿਚ ਬੋਲਦਿਆਂ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਆਖਿਆ ਕਿ ਪਿੱਛਲੀਆਂ ਬਰਸਾਤਾਂ ਵਿਚ ਆਏ ਹੜ੍ਹਾਂ ਕਾਰਨ ਸਤਲੁਜ ਦਰਿਆ ਕਾਰਨ ਫਾਜਿ਼ਲਕਾ ਹਲਕੇ ਦੇ ਸਰਹੱਦੀ ਪਿੰਡਾਂ ਵਿਚ ਬਹੁਤ ਨੁਕਸਾਨ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਦਰਿਆ ਦੇ ਪਾਣੀ ਨਾਲ ਨਾ ਕੇਵਲ ਫਸਲਾਂ ਖਰਾਬ ਹੋਈਆਂ ਸਨ ਸਗੋਂ ਕੌਮਾਂਤਰੀ ਸਰਹੱਦ ਨਾਲ ਲੱਗਦੇ 15 ਪਿੰਡਾਂ ਵਿਚ ਪਾਣੀ ਦੇ ਨਾਲ ਬਹੁਤ ਸਾਰਾ ਰੇਤਾ ਵੀ ਰੁੜ ਕੇ ਆਇਆ ਸੀ ਅਤੇ ਇਹ ਰੇਤਾ ਖੇਤਾਂ ਵਿਚ ਫੈਲ ਗਿਆ ਸੀ ਜਿਸ ਕਾਰਨ ਇਸ ਵਿਚ ਖੇਤੀ ਕਰਨ ਵਿਚ ਦਿੱਕਤ ਆ ਰਹੀ ਹੈ ਅਤੇ ਇਸ ਰੇਤੇ ਤੇ ਫਸਲਾਂ ਨਹੀਂ ਹੋ ਸਕਦੀਆਂ ਹਨ।

ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਦਰਿਆ ਵਿਚ ਆਉਣ ਵਾਲਾ ਹੜ੍ਹ ਨਾ ਕੇਵਲ ਫਸਲਾਂ ਦਾ ਨੁਕਸਾਨ ਕਰਦਾ ਹੈ ਸਗੋਂ ਇਸ ਨਾਲ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਨੁਕਸਾਨ ਲਈ ਤਾਂ ਮੁੱਖ ਮੰਤਰੀ ਸ: ਭਗਵੰੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੁਆਵਜਾ ਦੇ ਦਿੱਤਾ ਸੀ, ਪਰ ਇਸ ਹੜ੍ਹ ਦੇ ਪਾਣੀ ਨਾਲ ਆਏ ਰੇਤੇ ਕਾਰਨ ਹੁਣ ਕਿਸਾਨ ਪਰੇਸਾਨ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਗਰ ਕਿਸਾਨਾਂ ਨੂੰ ਹੁਣ ਕੁਝ ਸਮਾਂ ਦੇਵੇ ਤਾਂ ਇਹ ਛੋਟੇ ਕਿਸਾਨ ਆਪਣੀਆਂ ਜਮੀਨਾਂ ਨੂੰ ਮੁੜ ਅਬਾਦ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਬੇਸੱਕ ਪੰਜਾਬ ਸਰਕਾਰ ਨੇ ਇਹ ਰੇਤਾ ਸਾਫ ਕਰਨ ਲਈ ਕਿਸਾਨਾਂ ਨੂੰ ਕੁਝ ਸਮਾਂ ਦਿੱਤਾ ਸੀ ਪਰ ਇਹ ਸਮਾਂ ਘੱਟ ਹੋਣ ਕਾਰਨ ਅਤੇ ਸਾਰੇ ਕਿਸਾਨਾਂ ਕੋਲ ਤੇਜੀ ਨਾਲ ਰੇਤਾ ਹਟਾ ਲੈਣ ਲਈ ਲੋੜੀਂਦੇ ਸਾਧਨ ਨਾ ਹੋਣ ਕਾਰਨ ਸਾਰੇ ਕਿਸਾਨ ਆਪਣੇ ਖੇਤਾਂ ਵਿਚੋਂ ਇਹ ਰੇਤਾ ਨਹੀਂ ਚੁੱਕ ਸਕੇ ਹਨ।

ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਹ ਮੁੱਦਾ ਸਰਕਾਰ ਦੇ ਧਿਆਨ ਵਿਚ ਲਿਆਉਂਦਿਆਂ ਮੰਗ ਰੱਖੀ ਕਿ ਇੰਨ੍ਹਾਂ ਕਿਸਾਨਾਂ ਨੂੰ ਖੇਤਾਂ ਵਿਚੋਂ ਹੜ੍ਹ ਦੇ ਪਾਣੀ ਨਾਲ ਰੁੜ ਕੇ ਆਏ ਰੇਤੇ ਨੂੰ ਕੱਢਣ ਲਈ ਕੁਝ ਸਮੇਂ ਦੀ ਹੋਰ ਮੋਹਲਤ ਦਿੱਤੀ ਜਾਵੇ ਤਾਂ ਜੋ ਇਹ ਕਿਸਾਨ ਜੋ ਕਿ ਛੋਟੇ ਕਿਸਾਨ ਹਨ ਆਪਣੀਆਂ  ਜਮੀਨਾਂ ਨੂੰ ਮੁੜ ਤੋਂ ਖੇਤੀ ਯੋਗ ਕਰ ਸਕਨ। ਜਿਕਰਯੋਗ ਹੈ ਕਿ ਵਿਧਾਇਕ ਸ੍ਰੀ ਸਵਨਾ ਲਗਭਗ ਹਰ ਸੈਸ਼ਨ ਵਿਚ ਹੀ ਆਪਣੇ ਹਲਕੇ ਦੇ ਲੋਕਾਂ ਦੇ ਮਸਲੇ ਵਿਧਾਨ ਸਭਾ ਵਿਚ ਉਠਾਉਂਦੇ ਰਹਿੰਦੇ ਹਨ।