ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਲਿਆ ਜਾਵੇ ਵੱਧ ਤੋਂ ਵੱਧ ਫ਼ਾਇਦਾ
ਬਰਨਾਲਾ, 11 ਸਤੰਬਰ 2021
ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਲਿਮਕੋ ਅਸੈਸਮੈਂਟ ਕੈਂਪ 16 ਅਤੇ 17 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਸਰਾਏ ਨੇ ਦੱਸਿਆ ਕਿ 16 ਸਤੰਬਰ ਨੂੰ ਮਹਿਲ ਕਲਾਂ ਬਲਾਕ ਅਧੀਨ ਸ.ਪ੍ਰ.ਸ. ਸੰਧੂ ਪੱਤੀ, ਸੰਘੇੜਾ ਚੌਂਕ ਬਰਨਾਲਾ ਵਿਖੇ ਅਤੇ 17 ਸਤੰਬਰ ਨੂੰ ਸਹਿਣਾ ਬਲਾਕ ਦੇ ਸ.ਸ.ਸ.ਸ.(ਲੜਕੇ), ਸਹਿਣਾ ਵਿਖੇ ਲਗਾਇਆ ਜਾਵੇਗਾ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 09:30 ਵਜੇ ਤੋਂ 12:30 ਵਜੇ ਤੱਕ ਅਤੇ ਦੁਪਹਿਰ 1:00 ਵਜੇ ਤੋਂ ਸ਼ਾਮ 4:00 ਵਜੇ ਤੱਕ ਦਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ 5 ਪ੍ਰਕਾਰ ਦੇ ਬੱਚਿਆਂ ਦੀ ਅਸੈਸਮੈਂਟ ਕੀਤੀ ਜਾਣੀ ਹੈ ਜਿਨ੍ਹਾਂ ਵਿੱਚ ਦਿਮਾਗੀ ਲਕਵਾ, ਜਿਹੜੇ ਬੱਚੇ ਪੂਰਨ ਤੌਰ ਤੇ ਦੇਖ ਨਹੀਂ ਸਕਦੇ, ਜਿਨ੍ਹਾਂ ਨੂੰ ਐਨਕ ਨਾਲ ਵੀ ਦਿਖਾਈ ਨਹੀਂ ਦਿੰਦਾ, ਜਿਹੜੇ ਚੱਲਣ-ਫਿਰਨ ਵਿੱਚ ਅਸਮਰਥ ਨੇ ਅਤੇ ਬਹੁ-ਅਪੰਗਤਾ ਜਾਂ ਇੱਕ ਤੋਂ ਵੱਧ ਅਪੰਗਤਾ ਵਾਲੇ ਬੱਚੇ ਸ਼ਾਮਲ ਹਨ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੋੜਵੰਦ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਜ਼ਰੂਰ ਫ਼ਾਇਦਾ ਲੈਣ।

हिंदी





