‘ਵੀਰਾ ਸਾੜ ਨਾ ਪਰਾਲੀ, ਮਿੱਟੀ-ਪਾਣੀ ਵੀ ਸੰਭਾਲ, ਆਪਣੇ ਪੰਜਾਬ ਦਾ ਤੂੰ ਰੱਖ ਲੈ ਖਿਆਲ’

DC SBS Nagar

Sorry, this news is not available in your requested language. Please see here.

ਅੱਗ ਲਗਾਏ ਬਗੈਰ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਕਿਸਾਨ-ਡਾ. ਸ਼ੇਨਾ ਅਗਰਵਾਲ
*ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਕੋਵਿਡ ਦੇ ਹੋਰ ਫ਼ੈਲਣ ਦਾ ਖ਼ਤਰਾ
*ਡਿਪਟੀ ਕਮਿਸ਼ਨਰ ਨੇ ਵਰਚੁਅਲ ਕਿਸਾਨ ਮੇਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਕੀਤੀ ਅਪੀਲ
ਨਵਾਂਸ਼ਹਿਰ, 18 ਸਤੰਬਰ : 
ਕਿਸਾਨਾਂ ਨੂੰ ਝੋਨੇ ਦੀ ਸਾਂਭ-ਸੰਭਾਲ, ਸੁਚੱਜੇ ਪਰਾਲੀ ਪ੍ਰਬੰਧਨ ਅਤੇ ਸਹਾਇਕ ਧੰਦਿਆਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਅੱਜ ਦੋ ਰੋਜ਼ਾ ਵਰਚੁਅਲ ਮੇਲਾ ਸ਼ੁਰੂ ਹੋ ਗਿਆ, ਜਿਸ ਦਾ ਰਸਮੀ ਸ਼ੁੱਭ ਆਰੰਭ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਆਨਲਾਈਨ ਕੀਤਾ ਗਿਆ। ਇਸ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪ੍ਰਸ਼ਾਸਨਿਕ ਅਤੇ ਖੇਤੀਬਾੜੀ ਮਹਿਕਮੇ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਅਤੇ ਕਿਸਾਨਾਂ ਨੇ ਭਾਗ ਲਿਆ।
 ਮੇਲੇ ਦੇ ਉਦਘਾਟਨੀ ਸਮਾਰੋਹ ਨਾਲ ਸਿੱਧੇ ਤੌਰ ’ਤੇ ਜੁੜਦਿਆਂ ਮੁੱਖ ਮੰਤਰੀ ਅਤੇ ਹੋਰਨਾਂ ਸ਼ਖਸੀਅਤਾਂ ਦੇ ਵਿਚਾਰ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਇਸ ਵਰਚੁਅਲ ਕਿਸਾਨ ਮੇਲੇ ਦਾ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਆਨਲਾਈਨ ਵਿਧੀ ਰਾਹੀਂ ਲਗਾਏ ਗਏ ਇਸ ਮੇਲੇ ਦਾ ਲਾਭ ਜ਼ਿਲੇ ਦੇ ਕਿਸਾਨ ਘਰ ਬੈਠੇ ਆਪਣੇ ਮੋਬਾਈਲ ਫੋਨਾਂ ਰਾਹੀਂ ਉਠਾ ਸਕਦੇ ਹਨ। ਉਨਾਂ ਸਮੂਹ ਕਿਸਾਨਾਂ ਨੂੰ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਰਾਹੀਂ ਆਧੁਨਿਕ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਈ ਗਈ ਹੈ, ਜਿਸ ਦਾ ਲਾਭ ਲੈ ਕੇ ਉਹ ਪਰਾਲੀ ਦਾ ਯੋਗ ਪ੍ਰਬੰਧਨ ਕਰ ਸਕਦੇ ਹਨ।
  ਉਨਾਂ ਕਿਹਾ ਕਿ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨ ਮੇਲਿਆ ਰਾਹੀ ਸਾਂਝੇ ਕੀਤੇ ਨੁਕਤਿਆਂ ਨੰੂ ਹਰੇਕ ਕਿਸਾਨ ਨੰੂ ਅਪਨਾਉਣ ਚਾਹੀਦਾ ਹੈ, ਤਾਂ ਜੋ ਫ਼ਸਲਾਂ ਦਾ ਵਧੀਆ ਝਾੜ ਮਿਲ ਸਕੇ ਅਤੇ ਰਹਿੰਦ-ਖੂੰਹਦ ਨੰੂ ਅੱਗ ਨਾ ਲਗਾ ਆਧੁਨਿਕ ਸੰਦਾਂ ਨਾਲ ਖੇਤੀ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਕੋਵਿਡ ਬਿਮਾਰੀ ਦੇ ਫੈਲਣ ਸਦਕਾ ਸਾਨੂੰ ਹੋਰ ਵੀ ਜਿੰਮੇਵਾਰੀ ਤੋਂ ਕੰਮ ਲੈਣ ਦੀ ਜਰੂਰਤ ਹੈ ਕਿਉਂਕਿ ਕੋਵਿਡ ਵੀ ਸਾਹ ਪ੍ਰਣਾਲੀ ਦੀ ਬਿਮਾਰੀ ਹੈ ਜਿਸ ਦਾ ਸਿੱਧਾ ਅਸਰ ਫੇਫੜਿਆਂ ’ਤੇ ਪੈਂਦਾ ਹੈ ਅਜਿਹੇ ਵਿਚ ਜੇਕਰ ਪਰਾਲੀ ਸਾੜਨ ਨਾਲ ਧੂੰਆ ਹੋਇਆ ਤਾਂ ਇਸ ਬਿਮਾਰੀ ਤੋਂ ਪੀੜਤ ਲੋਕਾਂ ਲਈ ਇਹ ਬਹੁਤ ਹੀ ਘਾਤਕ ਸਿੱਧ  ਹੋ ਸਕਦਾ ਹੈ ਅਤੇ ਇਸ ਨਾਲ ਕੋਵਿਡ ਦੇ ਹੋਰ ਫੈਲਣ ਦਾ ਖ਼ਤਰਾ ਹੈ।
  ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਵਰਚੁਅਲ ਮੇਲੇ ’ਚ ਸ਼ਮੂਲੀਅਤ ਕਰਨ ਆਏ ਪਤਵੰਤਿਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਮੇਲੇ ਦੇ ਪਹਿਲੇ ਸੈਸ਼ਨ ’ਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਕਣਕ ਦੀ ਬਿਜਾਈ ਬਾਰੇ ਮਾਹਿਰਾਂ ਅਤੇ ਕਿਸਾਨਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਦੂਜੇ ਦਿਨ ਖੇਤੀਬਾੜੀ ’ਚ ਪਾਣੀ ਦੀ ਬੱਚਤ’ਤੇ ਸਹਾਇਕ ਧੰਦਿਆਂ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਵਰਚੁਅਰਲ ਕਿਸਾਨ ਮੇਲੇ ’ਚ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਲਿੰਕ www.kisanmela.pau.edu ਰਾਹੀਂ ਘਰ ਬੈਠ ਕੇ ਹੀ ਆਪਣੇ ਮੋਬਾਇਲ ਰਾਹੀਂ ਸ਼ਿਰਕਤ ਕਰ ਸਕਦੇ ਹਨ ਅਤੇ ਮਾਹਿਰਾਂ ਤੋਂ  ਖੇਤੀਬਾੜੀ  ਨਾਲ ਸਬੰਧਿਤ ਕਿਸੇ ਵੀ ਤਰਾਂ ਦਾ ਸਵਾਲ ਪੁੱਛ ਸਕਦੇ ਹਨ। ਉਨਾਂ ਦੱਸਿਆ ਕਿ ਮੇਲੇ ਦਾ ਮੰਤਵ ‘ਵੀਰਾ ਸਾੜ ਨਾ ਪਰਾਲੀ, ਮਿੱਟੀ-ਪਾਣੀ ਵੀ ਸੰਭਾਲ, ਆਪਣੇ ਪੰਜਾਬ ਦਾ ਤੂੰ ਰੱਖ ਲੈ ਖਿਆਲ’ ਰੱਖਿਆ ਗਿਆ ਹੈ। ਉਨਾਂ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿਚ ਮੋਬਾਈਲ ਫੋਨ ਰਾਹੀਂ ਸ਼ਾਮਲ ਹੋ ਕੇ ਇਸ ਵਰਚੁਅਲ ਕਿਸਾਨ ਮੇਲੇ ਨੂੰ ਕਾਮਯਾਬ ਬਣਾਉਣ।
ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਚਮਨ ਸਿੰਘ ਭਾਨਮਜਾਰਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ, ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ, ਚੌਧਰੀ ਹਰਬੰਸ ਲਾਲ, ਯੂਥ ਪ੍ਰਧਾਨ ਹੀਰਾ ਖੇਪੜ ਤੋਂ ਇਲਾਵਾ ਹੋਰ ਅਹਿਮ ਸ਼ਖਸੀਅਤਾਂ ਅਤੇ ਅਗਾਂਹਵਧੂ ਕਿਸਾਨ ਹਾਜ਼ਰ ਸਨ।