ਵੇਟ ਲਿਫਟਰ ਹਿਨਾ ਨੇ ਨੈਸ਼ਨਲ ਖੇਡਾਂ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

Sorry, this news is not available in your requested language. Please see here.

ਸੰਸਦ ਮੈਂਬਰ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਨੇ ਦਿੱਤੀ ਮੁਬਾਰਕਬਾਦ

ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਤਿਆਰੀ ਕਰਦੀ ਹੈ ਆਨੰਦਪੁਰ ਸਾਹਿਬ ਵਾਸੀ ਹਿਨਾ

ਬਰਨਾਲਾ, 7 ਫਰਵਰੀ 2025

ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਵਿਖੇ ਵੇਟ ਲਿਫਟਿੰਗ ਦੀ ਤਿਆਰੀ ਕਰਨ ਵਾਲੀ ਖਿਡਾਰਨ ਹਿਨਾ ਨੇ 38ਵੀਆਂ ਨੈਸ਼ਨਲ ਖੇਡਾਂ ਵਿੱਚ ਵੇਟ ਲਿਫਟਿੰਗ ‘ਚੋਂ ਚਾਂਦੀ ਦਾ ਤਗ਼ਮਾ ਹਾਸਲ ਕਰਕੇ ਜ਼ਿਲ੍ਹੇ ਅਤੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਇਸ ਖਿਡਾਰਨ ਦੀ ਪ੍ਰਾਪਤੀ ‘ਤੇ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਮੁਬਾਰਕਬਾਦ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਿਨਾ ਜਿਹੇ ਖਿਡਾਰੀ ਜ਼ਿਲ੍ਹੇ ਦਾ ਮਾਣ ਹਨ, ਜੋ ਕਿ ਨੌਜਵਾਨਾਂ ਨੂੰ ਚੰਗੀ ਸੇਧ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਹਿਨਾ (ਉਮਰ 18 ਸਾਲ) ਪੁੱਤਰੀ ਅਸ਼ੋਕ ਕੁਮਾਰ ਨੇ ਦੇਹਰਾਦੂਨ (ਉੱਤਰਾਖੰਡ) ਵਿੱਚ 38ਵੀਆਂ ਨੈਸ਼ਨਲ ਖੇਡਾਂ ਵਿੱਚ 76 ਕਿਲੋ ਭਾਰ ਵਰਗ ਵਿੱਚ ਖੇਡਦੇ ਹੋਏ 208 ਕਿਲੋ ਭਾਰ ਚੁੱਕ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਵਲੋਂ ਖੇਡ ਮੰਤਰੀ ਪੰਜਾਬ ਹੁੰਦੇ ਹੋਏ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ ਆਈ ਐੱਸ) ਦਾ ਸੈਂਟਰ ਇੱਥੇ ਐਲ ਬੀ ਐੱਸ ਕਾਲਜ ਵਿੱਚ ਸ਼ੁਰੂ ਕਰਵਾਇਆ ਗਿਆ ਜਿੱਥੇ ਸਰਕਾਰ ਵਲੋਂ ਖਿਡਾਰੀਆਂ ਦੀ ਰਿਹਾਇਸ਼ ਅਤੇ ਡਾਈਟ ਮੁਫ਼ਤ ਹੈ। ਹਿਨਾ ਪੀਆਈਐੱਸ ਸੈਂਟਰ ਦੀ ਖਿਡਾਰਨ ਹੈ ਜੋ ਕਿ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਉਨ੍ਹਾਂ ਅਧੀਨ ਤਿਆਰੀ ਕਰਦੀ ਹੈ ਤੇ ਉਹ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਹੈ।

ਉਨ੍ਹਾਂ ਦੱਸਿਆ ਕਿ ਇਹ ਖਿਡਾਰਨ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਹਿਨਾ ਨੇ ਜੂਨੀਅਰ ਹੁੰਦੇ ਹੋਏ ਵੀ ਓਵਰਆਲ ਉਮਰ ਵਰਗ ਵਿੱਚ ਸੀਨੀਅਰ ਵਿੱਚ ਮੈਡਲ ਹਾਸਲ ਕਰ ਰਹੀ ਹੈ। ਇਸ ਤੋਂ ਪਹਿਲਾਂ ਅਕਤੂਬਰ 2024 ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਵੀ ਹਿਨਾ ਨੇ ਰਿਕਾਰਡ ਬਣਾਇਆ ਸੀ।

ਹਿਨਾ ਨੇ ਦੱਸਿਆ ਕਿ ਮੈਡਮ ਉਮੇਸ਼ਵਰੀ ਸ਼ਰਮਾ ਤੋਂ ਕੋਚਿੰਗ ਲਈ ਰਹੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਬੜੀ ਸ਼ਿੱਦਤ ਨਾਲ ਤਿਆਰੀ ਕਰਵਾਈ ਹੈ। ਉਸ ਨੇ ਦੱਸਿਆ ਕਿ ਉਸ ਦਾ ਭਰਾ ਅਨਿਲ ਸਿੰਘ ਵੀ ਵੇਟਲਿਫਟਰ ਹੈ ਜੋ ਕਿ ਉਸ ਲਈ ਵੱਡੀ ਪ੍ਰੇਰਨਾ ਹੈ। ਹਿਨਾ ਨੇ ਦੱਸਿਆ ਕਿ ਹੁਣ ਉਹ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਵਿੱਚ ਜੁਟ ਗਈ ਹੈ।