ਸ਼ਹਿਰਾਂ ਦਾ ਝਲਕਾਰਾ ਪਾਉਣਗੇ ਮੁਹਾਲੀ ਹਲਕੇ ਦੇ ਪਿੰਡ: ਸਿੱਧੂ

Sorry, this news is not available in your requested language. Please see here.

ਕੈਬਨਿਟ ਮੰਤਰੀ ਨੇ ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ
ਗਰਾਂਟਾਂ ਵਿੱਚ ਕੋਈ ਕਮੀ ਨਾ ਆਉਣ ਦੇਣ ਦਾ ਕੀਤਾ ਵਾਅਦਾ
ਪਿੰਡਾਂ ਨੂੰ ਕਰੋੜਾਂ ਦੀਆਂ ਗਰਾਂਟਾਂ ਵੰਡੀਆਂ
ਐਸ.ਏ.ਐਸ. ਨਗਰ, 13 ਅਗਸਤ 2021
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਮੁਹਾਲੀ ਹਲਕੇ ਦੇ ਪਿੰਡਾਂ ਵਿੱਚ ਸ਼ਹਿਰਾਂ ਦਾ ਝਲਕਾਰਾ ਪਵੇਗਾ ਅਤੇ ਪਿੰਡਾਂ ਦੇ ਵਿਕਾਸ ਕਾਰਜ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅੱਜ ਹਲਕੇ ਦੇ ਕਈ ਪਿੰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ।
ਇਸ ਮੌਕੇ ਪਿੰਡਾਂ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਵੱਡੇ ਪੱਧਰ ਉਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਰਹਿੰਦੇ ਕਾਰਜ ਵੀ ਅਗਲੇ ਕੁੱਝ ਦਿਨਾਂ ਵਿੱਚ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਕੰਮ ਜੰਗੀ ਪੱਧਰ ਉਤੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਨੇ ਪਿੰਡ ਜੁਝਾਰ ਨਗਰ ਵਿਖੇ ਰਹਿੰਦੀਆਂ ਗਲੀਆਂ ਦਾ ਟੱਕ ਲਾ ਕੇ ਕੰਮ ਸ਼ੁਰੂ ਕਰਵਾਇਆ ਅਤੇ ਕਈ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ। ਇਸ ਮੌਕੇ ਪਿੰਡ ਜੁਝਾਰ ਨਗਰ ਵਿਖੇ 50 ਲੱਖ ਰੁਪਏ ਕਮਿਊਨਿਟੀ ਸੈਂਟਰ ਲਈ, 32 ਲੱਖ ਰੁਪਏ ਸਕੂਲ ਲਈ, 30 ਲੱਖ ਰੁਪਏ ਆਂਗਨਵਾੜੀ ਸੈਂਟਰ ਲਈ ਅਤੇ 41 ਲੱਖ ਰੁਪਏ ਸੋਲਰ ਸਿਸਟਮ ਲਈ, 1 ਕਰੋੜ ਰੁਪਏ ਸੀਵਰੇਜ ਅਤੇ ਗਲੀਆਂ ਲਈ ਦੇਣ ਦਾ ਐਲਾਨ ਕੀਤਾ।ਇਸ ਤੋਂ ਇਲਾਵਾ ਦੋ ਟਿਊਬਵੈੱਲਾਂ, 1 ਪਾਣੀ ਦੀ ਟੈਂਕੀ ਅਤੇ ਪਾਣੀ ਦੀ ਨਿਕਾਸੀ ਲਈ 22 ਹਜ਼ਾਰ ਫੁੱਟ ਪਾਈਪਾਂ ਪਾਣੀ ਦੇ ਕੰਮ ਦਾ ਉਦਘਾਟਨ ਕੀਤਾ।
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਬਹਿਲੋਲਪੁਰ ਵਿਖ ਕਮਿਊਨਿਟੀ ਸੈਂਟਰ ਲਈ 10 ਲੱਖ ਦੇਣ ਦਾ ਐਲਾਨ ਕੀਤਾ, ਜਦੋਂ ਕਿ ਪਿੰਡ ਤੜੌਲੀ ਵਿਖੇ ਗਲੀਆਂ-ਨਾਲੀਆਂ ਲਈ 2.50 ਲੱਖ ਰੁਪਏ ਸ਼ਮਸ਼ਾਨਘਾਟ ਦੀ ਉਸਾਰੀ ਲਈ 10 ਲੱਖ ਰੁਪਏ, ਗੰਦੇ ਪਾਣੀ ਦੀ ਨਿਕਾਸੀ ਲਈ ਸੀਮਿੰਟ ਦੀ ਪਾਈਪ ਲਾਈਨ ਪਾਉਣ ਲਈ 15 ਲੱਖ ਰੁਪਏ ਅਤੇ ਆਂਗਨਵਾਣੀ ਲਈ 4 ਲੱਖ ਦੇਣ ਦਾ ਐਲਾਨ ਕੀਤਾ। ਪਿੰਡ ਠਸਕਾ ਵਿਖੇ ਗਲੀਆਂ-ਨਾਲੀਆਂ ਲਈ 5 ਲੱਖ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪਿੰਡ ਮਨਾਣਾ ਵਿਖੇ ਕਮਿਊਨਿਟੀ ਸੈਂਟਰ ਦੀ ਚਾਰਦੀਵਾਰੀ ਲਈ 10 ਲੱਖ ਰੁਪਏ ਅਤੇ ਐਸ.ਸੀ ਧਰਮਸ਼ਾਲਾ ਲਈ 3 ਲੱਖ ਅਤੇ ਜਨਰਲ ਧਰਮਸ਼ਾਲਾ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸ. ਸਿੱਧੂ ਨੇ ਪਿੰਡ ਜੁਝਾਰ ਨਗਰ ਵਿਖੇ ਨਰਸਿੰਗ ਕਾਲਜ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ ਕਰਵਾਇਆ, ਜੋ ਮੁਕੰਮਲ ਹੋਣ ਤੋਂ ਬਾਅਦ ਲੜਕੀਆਂ ਨੂੰ ਪੜ੍ਹਨ ਵਿੱਚ ਵੱਡੀ ਸਹੁਲਤ ਹੋਵੇਗੀ। ਪਿੰਡ ਹੁਸੈਨਪੁਰ ਵਿਖੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਦੇ ਸ਼ੈੱਡ ਅਤੇ ਫਰਮ ਦੀ ਉਸਾਰੀ ਲਈ 10 ਲੱਖ ਰੁਪਏ, ਸਕੂਲ ਦੇ ਕਮਰੇ ਦੀ ਉਸਾਰੀ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਝਾਮਪੁਰ ਵਿਖੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ 15 ਲੱਖ ਰੁਪਏ ਦੀ ਰਾਸ਼ੀ ਨਾਲ ਕੰਮ ਸ਼ੁਰੂ ਕਰਵਾਏ ਗਏ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਤੜੋਲੀ ਦੇ ਵੱਖ ਵੱਖ ਕਾਰਜਾਂ ਲਈ 22.50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਸਮੇਂ ਪਿੰਡ ਜੁਝਾਰ ਨਗਰ ਦੇ ਸਰਪੰਚ ਗੁਰਪ੍ਰੀਤ ਸਿੰਘ ਢੀਂਡਸਾ, ਵਿਮਲਾ ਦੇਵੀ ਪੰਚ, ਨਾਰੋ ਦੇਵੀ ਪੰਚ, ਪਿੰਡ ਬਹਿਲੋਲਪੁਰ ਦੇ ਸਰਪੰਚ ਮਨਜੀਤ ਸਿੰਘ, ਰਾਮ ਪਾਲ ਪੰਚ, ਪਿੰਡ ਝਾਮਪੁਰ, ਪਿੰਡ ਤੜੌਲੀ, ਪਿੰਡ ਠਸਕਾ, ਪਿੰਡ ਮਨਾਣਾ ਅਤੇ ਪਿੰਡ ਹੁਸੈਨਪੁਰ ਦੇ ਸਰਪੰਚ ਅਤੇ ਪੰਚ ਹਾਜ਼ਰ ਸਨ।